ਮਾਨਸਾ, 8 ਦਸੰਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੋੜਾਵਾਲ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਵੱਲੋਂ ਨਾਜਾਇਜ਼ ਸਬੰਧ ਬਣਾਉਣ ਤੋਂ ਇਨਕਾਰ ਕਰਨ ਉਤੇ ਕਤਲ ਕਰਕੇ ਸਾੜ ਦਿੱਤਾ ਗਿਆ ਹੈ। ਖੁਦ ਆਰੋਪੀ ਨੇ ਵੀ ਆਤਮ ਹੱਤਿਆ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੋੜਾਵਾਲ ਦੀ ਰਹਿਣ ਵਾਲੀ ਮਨਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਦੇ ਬਿਆਨਾਂ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਿਆਨਾਂ ਵਿੱਚ ਕਿਹਾ ਕਿ ਮੇਜਰ ਸਿੰਘ ਨਾਂ ਦੇ ਵਿਅਕਤੀ ਨਾਲ ਮੇਰੀ ਪਤਨੀ ਦੀ ਪਹਿਲਾਂ ਆਪਸੀ ਗੱਲਬਾਤ ਸੀ, ਉਹ ਹੁਣ ਉਸ ਨੂੰ ਪਸੰਦ ਨਹੀਂ ਕਰਦੀ ਸੀ, ਪ੍ਰੰਤੂ ਮੇਜਰ ਸਿੰਘ ਉਸ ਨਾਲ ਜ਼ਬਰਦਸਤੀ ਗੱਲਬਾਤ ਕਰਨਾ ਚਾਹੁੰਦਾ ਸੀ।
ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਬੁਢਲਾਡਾ ਵਿਖੇ ਸਿਲਾਈ ਦਾ ਕੰਮ ਕਰਦੀ ਸੀ, ਬੀਤੇ ਦਿਨੀਂ ਜਦੋਂ ਉਹ ਸ਼ਾਮ ਨੂੰ ਪੈਦਲ ਘਰ ਆ ਰਹੀ ਸੀ ਤਾਂ ਅਚਾਨਕ ਮੇਜਰ ਸਿੰਘ ਮੇਰੀ ਪਤਨੀ ਨੂੰ ਘਰ ਘੜੀਸ ਕੇ ਆਪਣੇ ਘਰ ਲੈ ਗਿਆ। ਮੈਂ ਵੀ ਆਪਣੀ ਪਤਨੀ ਨੂੰ ਲੈਣ ਜਾ ਰਿਹਾ ਸੀ ਤਾਂ ਮੈਂ ਪਿੱਛੇ ਆ ਗਿਆ। ਮੇਜਰ ਸਿੰਘ ਨੇ ਮੇਰੇ ਵੇਖਦੇ ਹੋਏ ਮੇਰੀ ਪਤਨੀ ਦੇ ਸਿਰ ਉਤੇ ਪਾਈਪ ਮਾਰੀ ਤੇ ਉਹ ਬੇਹੋਸ਼ ਹੋ ਕੇ ਡਿੱਗ ਗਈ। ਬਾਅਦ ਵਿੱਚ ਉਸਨੇ ਤੇਲ ਪਾ ਕੇ ਮਨਜੀਤ ਕੌਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਮੇਜਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਨੂੰ ਮੇਜਰ ਸਿੰਘ ਨੇ ਆਪਣੇ ਘਰ ਆ ਕੇ ਖੁਦਕੁਸ਼ੀ ਕਰ ਲਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।