ਚੰਡੀਗੜ੍ਹ, 8 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਅੱਜ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀਆਂ 5 ਨਗਰ ਨਿਗਮਾਂ ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਹੋਣ ਦੇ ਨਾਲ ਹੀ ਚੋਣ ਜ਼ਬਤਾ ਲਾਗੂ ਹੋ ਗਿਆ ਹੈ।
ਚੋਣ ਸ਼ਡਿਊਲ ਕੱਲ੍ਹ 9 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ, ਭਲਕੇ ਤੋਂ ਉਮੀਦਵਾਰ ਆਪਣੇ ਕਾਗਜ਼ ਭਰ ਸਕਦੇ ਹਨ। ਨੋਮੀਨੇਸ਼ਨ ਦੀ ਆਖਰੀ ਮਿਤੀ 12 ਦਸੰਬਰ ਹੋਵੇਗੀ, 3 ਵਜੇ ਤੱਕ ਭਰੇ ਜਾ ਸਕਦੇ ਹਨ। 13 ਦਸੰਬਰ ਨੂੰ ਸਕਿਊਰਟਨੀ ਹੋਵੇਗੀ। 14 ਦਸੰਬਰ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ ਅਤੇ 14 ਨੂੰ ਹੀ ਚੋਣ ਨਿਸ਼ਾਨ ਦਿੱਤੇ ਜਾਣਗੇ। 21 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਗਿਣਤੀ ਹੋਵੇਗੀ।
ਇਨ੍ਹਾਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ 37 ਲੱਖ 32 ਹਜ਼ਾਰ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਈਵੀਐਮ ਰਾਹੀਂ ਵੋਟਾਂ ਪੈਣਗੀਆਂ। ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਚੋਣਾਂ ਦੌਰਾਨ ਸੁਰੱਖਿਆ ਨੂੰ ਲੈ ਕੇ ਸਖਤ ਇੰਤਜਾਮ ਕੀਤੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਉਮੀਦਵਾਰ 4 ਲੱਖ ਰੁਪਏ ਖਰਚ ਕਰ ਸਕਣਗੇ।