ਨਵੀਂ ਦਿੱਲੀ, 8 ਦਸੰਬਰ, ਦੇਸ਼ ਕਲਿੱਕ ਬਿਓਰੋ :
ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਤਾਂਤਰਿਕ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਹੈ। ਗੁਜਰਾਤ ਵਿੱਚ ਇਕ ਵਪਾਰੀ ਦਾ ਕਤਲ ਕਰਨ ਦੀ ਸਾਜਿਸ਼ ਰਚਣ ਮਾਮਲੇ ਵਿੱਚ ਗ੍ਰਿਫਤਾਰ ਤਾਂਤਰਿਕ ਦੀ ਐਤਵਾਰ ਨੂੰ ਅਹਿਮਦਾਬਾਦ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਤਾਂਤਰਿਕ ਨੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਇਹ ਕਬੂਲ ਕੀਤਾ ਕਿ ਉਸਨੇ 12 ਲੋਕਾਂ ਨੂੰ ਜ਼ਹਿਰੀਲਾ ਕੈਮੀਕਲ ਪਿਆ ਕੇ ਕਤਲ ਕੀਤੇ ਹਨ। ਪੁਲਿਸ ਮੁਤਾਬਕ ਮ੍ਰਿਤਕ ਖੁਦ ਨੂੰ ‘ਭੁਵਾਜੀ’ ਕਹਿੰਦਾ ਸੀ ਅਤੇ ਦਾਅਵਾ ਕਰਦਾ ਸੀ ਕਿ ਉਸ ਕੋਲ ਜਾਂਦੇ ਅਤੇ ਚਮਤਕਾਰ ਕਰਨ ਦੀ ਸ਼ਕਤੀ ਹੈ। ਸੁਰੇਂਦਰ ਨਗਰ ਦੇ ਵਧਵਾਨ ਵਿੱਚ ਉਸਦਾ ਇਕ ਆਸ਼ਰਮ ਵੀ ਸੀ, ਜਿੱਥੇ ਉਹ ਕਾਲਾ ਜਾਦੂ ਕਰਦਾ ਸੀ। ਆਰੋਪੀ ਨੇ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਵੀ ਜਾਨ ਲਈ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਆਰੋਪੀ ਦਾ ਨਾਮ ਨਵਲ ਸਿੰਘ ਚਾਵੜਾ ਹੈ, ਜਿਸ ਨੂੰ ਸਰਖੇਜ ਪੁਲਿਸ ਨੇ 3 ਦਸੰਬਰ ਦੀ ਰਾਤ ਨੂੰ ਕਰੀਬ ਇਕ ਵਜੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਇਕ ਹੋਰ ਅਪਰਾਧ ਨੂੰ ਅੰਜ਼ਾਮ ਦੇਣ ਜਾ ਰਿਹਾ ਸੀ। ਪੁਲਿਸ ਨੂੰ ਉਸਦੀਆਂ ਗਤੀਵਿਧੀਆਂ ਦੀ ਜਾਣਕਾਰੀ ਟੈਕਸੀ ਬਿਜਨੈਸ ਵਿੱਚ ਪਾਰਟਨਰ ਤੋਂ ਮਿਲੀ ਸੀ।
ਪੁਲਿਸ ਨੇ 10 ਦਸੰਬਰ ਤੱਕ ਰਿਮਾਂਡ ਲਿਆ ਸੀ। ਐਤਵਾਰ ਸਵੇਰੇ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਸਦੀ ਮੌਤ ਹੋ ਗਈ।
ਪੁੱਛਗਿੱਛ ਦੌਰਾਨ ਆਰੋਪੀ ਨੇ ਸੋਡੀਅਮ ਨਾਈਟ੍ਰਾਈਟ ਨਾਲ 12 ਲੋਕਾਂ ਦਾ ਕਤਲ ਕਰਨ ਦੀ ਗੱਲ ਕਬੂਲੀ ਸੀ। ਪੁਲਿਸ ਨੇ ਦੱਸਿਆ ਕਿ ਅਹਿਮਦਾਬਾਦ ਵਿੱਚ 1, ਸੁਰੇਂਦਰ ਨਗਰ ਵਿੱਚ 6 ਜਿੰਨਾਂ ਵਿਚੋਂ 3 ਉਸਦੇ ਆਪਣੇ ਪਰਿਵਾਰ ਦੇ ਮੈਂਬਰ ਸਨ, ਰਾਜਕੋਟ ਵਿੱਚ 3 ਅਤੇ ਵਾਂਕਾਨੇਰ ਮੋਰਬੀ ਜ਼ਿਲ੍ਹੇ ਤੇ ਅੰਜਾਰ ਕਛ ਜ਼ਿਲ੍ਹਾ ਵਿੱਚ ਇਕ ਇਕ ਵਿਅਕਤੀ ਦਾ ਕਤਲ ਕਰਨ ਦੀ ਗੱਲ ਕਬੂਲੀ ਸੀ।