ਐਡਮਿੰਟਨ: 8 ਦਸੰਬਰ, ਦੇਸ਼ ਕਲਿੱਕ ਬਿਓਰੋ
ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਭਾਰਤੀ ਸਿੱਖ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 20 ਸਾਲਾ ਹਰਸ਼ਨਦੀਪ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 12.30 ਵਜੇ ਐਡਮਿੰਟਨ ਦੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਵਾਪਰੀ, ਜਿੱਥੇ ਹਰਸ਼ਨਦੀਪ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਕੈਨੇਡੀਅਨ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ।ਅਪਾਰਟਮੈਂਟ ਬਿਲਡਿੰਗ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ, ਜਿੱਥੇ ਭਾਰਤੀ ਸਿੱਖ ਵਿਦਿਆਰਥੀ ਸਟਾਰੀਵੈੱਲ ਦੇ ਅੰਦਰ ਬੇਹੋਸ਼ ਪਾਇਆ ਗਿਆ। ਸੀਸੀਟੀਵੀ ਫੁਟੇਜ ਵਿੱਚ ਤਿੰਨ ਮੈਂਬਰੀ ਗਰੋਹ ਦਾ ਇੱਕ ਵਿਅਕਤੀ ਹਰਸ਼ਨਦੀਪ ਸਿੰਘ ਨੂੰ ਪੌੜੀਆਂ ਤੋਂ ਹੇਠਾਂ ਧੱਕਦਾ ਹੋਇਆ ਦਿਖਾਈ ਦਿੰਦਾ ਹੈ ਜਦਕਿ ਦੂਜਾ ਉਸ ਨੂੰ ਪਿੱਛੇ ਤੋਂ ਗੋਲੀ ਮਾਰਦਾ ਹੈ। ਹਰਸ਼ਨਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ।