ਚਾਰ ਰੋਜ਼ਾ ”ਮੇਲਾ ਜਾਗਦੇ ਜੁਗਨੂਆਂ ਦਾ” ਸ਼ਾਨੋ ਸ਼ੌਕਤ ਨਾਲ ਸੰਪਨ
ਬਠਿੰਡਾ, 8 ਦਸੰਬਰ : ਦੇਸ਼ ਕਲਿੱਕ ਬਿਓਰੋ
ਚੰਗੀਆਂ ਕਿਤਾਬਾਂ ਜਿੱਥੇ ਇਨਸਾਨ ਦੇ ਭਵਿੱਖ ਨੂੰ ਰੋਸ਼ਨ ਕਰਦੀਆਂ ਹਨ ਉੱਥੇ ਹੀ ਉਸ ਦੀ ਬੌਧਿਕ ਅਮੀਰੀ ‘ਚ ਵੀ ਵਾਧਾ ਕਰਦੀਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਪਾਵਰ ਹਾਊਸ ਰੋਡ ‘ਤੇ ਕਰਵਾਏ ਗਏ ”ਮੇਲਾ ਜਾਗਦੇ ਜੁਗਨੂੰਆਂ ਦਾ” ‘ਚ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਮੌਕੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਜਿੱਥੇ ਇਸ ਮੇਲੇ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਮੇਲਾ ਆਮ ਲੋਕਾਂ ਨੂੰ ਸਿਹਤਮੰਦ ਭੋਜ਼ਨ ਪ੍ਰਤੀ ਜਾਗਰੂਕ ਕਰਨ, ਪੁਰਾਤਨ ਸੱਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਕਾਰਗਰ ਸਾਬਿਤ ਹੋਇਆ।
ਲਗਾਏ ਗਏ ਇਸ ਚਾਰ ਰੋਜ਼ਾਂ ਮੇਲੇ ਦੌਰਾਨ ਵੱਖ-ਵੱਖ ਆਰਗੈਨਿਕ ਉਤਪਾਦਾਂ, ਪੁਰਾਤਨ ਵਸਤਾਂ ਅਤੇ ਸਾਹਿਤ ਸਬੰਧੀ ਕਿਤਾਬਾਂ ਦੇ ਸਟਾਲਾਂ,ਪੰਜਾਬੀ ਸੱਭਿਆਚਾਰ ਨਾਲ ਸਬੰਧਤ ਨਾਟਕ, ਕਵਾਲੀਆਂ ਤੋਂ ਇਲਾਵਾ ਸਫ਼ਲ ਕਿਸਾਨਾਂ ਤੇ ਹੋਰ ਖੇਤਰ ‘ਚ ਮੱਲਾਂ ਮਾਰਨ ਵਾਲੀਆਂ ਮਹਾਨ ਹਸਤੀਆਂ ਵਲੋਂ ਵੀ ਰੂ-ਬ-ਰੂ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।
ਇਸ ਮੌਕੇ ਸ੍ਰੀ ਜਗਤਾਰ ਸਿੰਘ ਅਣਜਾਣ, ਹਰਜਿੰਦਰ ਸਿੰਘ ਸਿੱਧੂ, ਸ੍ਰੀ ਉਜਾਗਰ ਸਿੰਘ, ਹਰਮਿਲਾਪ ਗਰੇਵਾਲ, ਪ੍ਰੀਤ ਕੈਂਥ, ਹਰਵਿੰਦਰ ਸਿੰਘ, ਸੁੱਖਵਿੰਦਰ ਸਿੰਘ ਆਦਿ ਮੇਲਾ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।