ਚੇਨਈ, 9 ਦਸੰਬਰ, ਦੇਸ਼ ਕਲਿਕ ਬਿਊਰੋ :
ਤਮਿਲਨਾਡੂ ਦੇ ਚੇਨਈ ਵਿੱਚ ਇੱਕ ਕਾਲਜ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਅਨੁਸਾਰ ਇਹ ਮਾਮਲਾ ਲਗਭਗ 10 ਮਹੀਨੇ ਪੁਰਾਣਾ ਹੈ। ਇਸ ਦੌਰਾਨ ਲਗਭਗ 7 ਲੜਕਿਆਂ ਨੇ ਕਈ ਵਾਰ ਲੜਕੀ ਨਾਲ ਬਲਾਤਕਾਰ ਕੀਤਾ। ਪੀੜਤਾ ਮਨੋਵਿਗਿਆਨਕ ਬਿਮਾਰੀ ਨਾਲ ਪੀੜਤ ਹੈ।
ਘਟਨਾ ਦਾ ਪਰਦਾਫਾਸ ਉਸ ਸਮੇਂ ਹੋਇਆ, ਜਦੋਂ ਪੀੜਤਾ ਦੇ ਪਿਤਾ ਨੇ ਇੱਕ ਦਿਨ ਉਸਦਾ ਮੋਬਾਈਲ ਫੋਨ ਚੈੱਕ ਕੀਤਾ। ਫੋਨ ਵਿੱਚ ਉਸ ਨੂੰ ਲੜਕਿਆਂ ਵੱਲੋਂ ਭੇਜੇ ਗਏ ਅਸ਼ਲੀਲ ਮੈਸੇਜ ਅਤੇ ਵੀਡੀਓਜ਼ ਮਿਲੀਆਂ। ਇਸ ਤੋਂ ਬਾਅਦ, ਪਿਤਾ ਨੇ ਤੁਰੰਤ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਸੱਤ ਦੋਸ਼ੀਆਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਇੱਕ 19 ਸਾਲ ਦਾ ਕਾਲਜ ਵਿਦਿਆਰਥੀ ਹੈ, ਜਦਕਿ ਦੂਜਾ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਹੈ। ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
ਪਹਿਲੀ ਜਾਂਚ ਅਨੁਸਾਰ, ਪਿਛਲੇ ਸਾਲ ਅਕਤੂਬਰ ਵਿੱਚ ਪੀੜਤਾ ਦੇ ਕਾਲਜ ਦੀ ਇੱਕ ਸਹੇਲੀ ਨੇ ਉਸਨੂੰ ਤਿੰਨ ਲੜਕਿਆਂ ਨਾਲ ਮਿਲਵਾਇਆ ਸੀ। ਇਹ ਲੋਕ ਉਸ ਨੂੰ ਸ਼ਹਿਰ ਦੇ ਕਈ ਲੌਜ ਅਤੇ ਸੁੰਨੇ ਸਥਾਨਾਂ ’ਤੇ ਲੈ ਗਏ ਅਤੇ ਬਲਾਤਕਾਰ ਕੀਤਾ।
ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ ਐਪਲੀਕੇਸ਼ਨ ਰਾਹੀਂ ਦੋਸਤੀ ਕਰਨ ਵਾਲੇ ਕੁਝ ਹੋਰ ਲੋਕਾਂ ਨੇ ਵੀ ਉਸ ਦੇ ਨਾਲ ਬਲਾਤਕਾਰ ਕੀਤਾ।ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।