ਮੋਹਾਲੀ, 9 ਦਸੰਬਰ,2024: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 11 ਦਸੰਬਰ (ਬੁੱਧਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਸਰਕਾਰੀ ਆਈ.ਟੀ.ਆਈ (ਮਹਿਲਾਵਾਂ), ਫੇਜ਼-5, ਐੱਸ.ਏ.ਐੱਸ ਨਗਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 09:00 ਵਜੇ ਤੋਂ 02.00 ਵਜੇ ਤੱਕ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ-ਸੀ.ਈ.ਓ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਸ੍ਰੀਮਤੀ ਸੋਨਮ ਚੌਧਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੁੱਧਵਾਰ 11 ਦਸੰਬਰ ਨੂੰ ਉਕਤ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਬੁੱਧਵਾਰ ਨੂੰ ਲੱਗਣ ਵਾਲੇ ਕੈਂਪ ਵਿੱਚ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜ਼ਿਨ੍ਹਾ ਵਿੱਚ ਡੀ ਮਾਰਟ, ਆਈ.ਸੀ.ਆਈ.ਸੀ.ਆਈ. ਬੈਂਕ, ਗਲੋਬ ਟੋਇਟਾ, ਜ਼ੋਮੈਟੋ, ਸਵਿਗੀ, ਗੋਦਰੇਜ ਬੌਇਸ, ਟਾਇਨੋਰ ਆਰਥੋਟਿਕਸ, ਟਿਊਬ ਉਤਪਾਦ ਅਤੇ ਮਹਿੰਦਰਾ ਸਵਰਾਜ ਸਮੇਤ ਵੱਖ-ਵੱਖ 30 ਕੰਪਨੀਆਂ ਸ਼ਾਮਲ ਹੋਣਗੀਆਂ। ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ, ਜਿਨ੍ਹਾ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਅੱਠਵੀਂ, ਦਸਵੀਂ, ਬਾਰਵੀਂ, ਆਈ.ਟੀ.ਆਈ, ਡਿਪਲੋਮਾ ਅਤੇ ਗ੍ਰੈਜੁਏਸ਼ਨ ਆਦਿ ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ, ਜ਼ਿਨ੍ਹਾਂ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਪ੍ਰਾਰਥੀ ਆਪਣਾ ਬਾਇਉ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ। ਇਸ ਤੋਂ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।