ਪੰਜਾਬ ਦੇ ਸਕੂਲਾਂ ‘ਚ ਤਿਆਰ ਹੋ ਰਹੇ ਹਨ ਬਿਜ਼ਨੈੱਸ ਬਲਾਸਟਰ, 50 ਹਜ਼ਾਰ ਨੂੰ ਦਿੱਤੀ ਸੀਡ ਮਨੀ
ਅੰਮ੍ਰਿਤਸਰ, 9 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਸਟਾਰਟ-ਅੱਪ ਤਿਆਰ ਕਰਦੇ ਹੋਏ ਪੰਜਾਬ ਨੂੰ ਸਟਾਰਟ-ਅੱਪ ਹੱਬ ਬਣਾਉਣ ਦਾ ਸੱਦਾ ਦਿੱਤਾ ਹੈ। ਬੈਂਸ ਨੇ ਕਿਹਾ ਕਿ ਸਟਾਰਟਅੱਪ ਗਤੀਵਿਧੀਆਂ ਸਮੇਂ ਦੀ ਲੋੜ ਹਨ। ਹਰਜੋਤ ਬੈਂਸ ਅੰਮ੍ਰਿਤਸਰ ਵਿਖੇ ਚੱਲ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੌਰਾਨ ਆਯੋਜਿਤ ਰੀਜਨਲ ਸਟਾਰਟਅੱਪ ਅਤੇ ਐਮਐਸਐਮਈ ਕਨਕਲੇਵ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਨੌਜਵਾਨ ਸਟਾਰਟਅੱਪ ਵਧਣਗੇ ਤਾਂ ਉਦਯੋਗ ਵਧਣਗੇ। ਉਦਯੋਗ ਵਧਣਗੇ ਤਾਂ ਪੰਜਾਬ ਆਰਥਿਕ ਤੌਰ ‘ਤੇ ਖੁਸ਼ਹਾਲ ਹੋਵੇਗਾ। ਬੈਂਸ ਨੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਜਾ ਕੇ ਨੌਜਵਾਨਾਂ ਤੋਂ ਬਿਜਨਸ ਆਈਡੀਆ ਲੈ ਕੇ ਉਨ੍ਹਾਂ ਨੂੰ ਲਾਗੂ ਕਰਨ।
ਕਨਕਲੇਵ ਵਿੱਚ ਹਾਜ਼ਰ ਉਦਯੋਗਪਤੀਆਂ ਨੂੰ ਸਰਕਾਰੀ ਸਕੂਲਾਂ ਨੂੰ ਸੀਐਸਆਰ ਤਹਿਤ ਅਡਾਪਟ ਕਰਨ ਦਾ ਸੱਦਾ ਦਿੰਦਿਆਂ ਬੈਂਸ ਨੇ ਕਿਹਾ ਕਿ ਉਦਯੋਗਾਂ ਅਤੇ ਸਟਾਰਟਅੱਪਾਂ ਨੂੰ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੈ। ਸਾਲ 2022 ਵਿੱਚ ਪੰਜਾਬ ਦੀ ਆਈਟੀਆਈ ਵਿੱਚ 25 ਹਜ਼ਾਰ ਸੀਟਾਂ ਸਨ ਅਤੇ 70 ਫੀਸਦੀ ਦਾਖਲੇ ਹੋਏ ਸਨ। 2023 ਵਿੱਚ ਆਈਟੀਆਈ ’ਚ 99 ਫੀਸਦੀ ਸੀਟਾਂ ਭਰੀਆਂ। ਸਾਲ 2024 ਵਿੱਚ ਆਈਟੀਆਈ ਵਿੱਚ ਸੀਟਾਂ ਦੀ ਗਿਣਤੀ ਵਧਾ ਕੇ 35 ਹਜ਼ਾਰ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ 96 ਫ਼ੀਸਦੀ ਦਾਖ਼ਲੇ ਹੋਏ ਸਨ। ਅਗਲੇ ਦੋ ਸਾਲਾਂ ਵਿੱਚ ਪੰਜਾਬ ਦੀਆਂ ਸਾਰੀਆਂ ਆਈ.ਟੀ.ਆਈਜ਼ ਵਿੱਚ 50 ਹਜ਼ਾਰ ਸੀਟਾਂ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਹੁਨਰਮੰਦ ਕਾਰੀਗਰ ਤਿਆਰ ਕੀਤੇ ਜਾਣਗੇ।
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਪੱਧਰ ‘ਤੇ ਹੀ ਸਟਾਰਟਅੱਪ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਕਾਰਨ ਪੰਜਾਬ ਦੇ ਸਕੂਲਾਂ ‘ਚ ਬਿਜਨਸ ਬਲਾਸਟਰ ਤਿਆਰ ਕੀਤੇ ਜਾ ਰਹੇ ਹਨ। ਇਸ ਸਾਲ 50 ਹਜ਼ਾਰ ਵਿਦਿਆਰਥੀਆਂ ਨੂੰ ਦੋ ਹਜ਼ਾਰ ਦੀ ਦਰ ਨਾਲ ਸੀਡ ਮਨੀ ਦਿੱਤੀ ਗਈ ਹੈ। ਜਿਸ ਤਹਿਤ ਸਕੂਲੀ ਬੱਚੇ ਬਿਜ਼ਨਸ ਆਈਡੀਆ ਵਿਕਸਿਤ ਕਰ ਰਹੇ ਹਨ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਟੈਕਸਟਾਈਲ ਖੇਤਰ ਦਾ ਵੱਡਾ ਹੱਬ ਹੁੰਦਾ ਸੀ ਪਰ ਪੰਜਾਬ ਦੀ ਬਰਾਮਦ 30 ਫੀਸਦੀ ਤੱਕ ਘੱਟ ਗਈ ਹੈ। ਇਸ ਦੇ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਟੈਕਸਟਾਈਲ ਨੀਤੀ ਵਿੱਚ ਬਦਲਾਅ ਕੀਤਾ ਜਾਵੇਗਾ।
ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਮਾਗਮ ਪੰਜਾਬ ਵਿੱਚ ਸਟਾਰਟਅੱਪਸ ਅਤੇ ਐਮ.ਐਸ.ਐਮ.ਈਜ਼ ਨੂੰ ਲਾਭ ਪਹੁੰਚਾਏਗਾ। ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਡਿਪਟੀ ਜਨਰਲ ਸਕੱਤਰ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਐਮ.ਐਸ.ਐਮ.ਈਜ਼ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਅਜਿਹੇ ‘ਚ ਸਟਾਰਟਅੱਪ ਦੀ ਭੂਮਿਕਾ ਜ਼ਿਆਦਾ ਅਹਿਮ ਹੋ ਜਾਂਦੀ ਹੈ। ਜਿਸ ਕਾਰਨ ਚੈਂਬਰ ਨੇ ਇੱਕ ਰੋਜ਼ਾ ਕਨਕਲੇਵ ਲਈ ਪੰਜਾਬ ਦੀ ਚੋਣ ਕੀਤੀ ਹੈ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਸਮੇਤ ਕਈ ਪਤਵੰਤੇ ਹਾਜ਼ਰ ਸਨ।