ਚੰਡੀਗੜ੍ਹ, 10 ਦਸੰਬਰ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੀ ਜੰਮਪਲ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਟੀਮ ਵਿੱਚ ਅਹਿਮ ਸਥਾਨ ਮਿਲਿਆ ਹੈ। ਟਰੰਪ ਨੇ ਭਾਰਤੀ ਮੂਲ ਦੀ ਹਰਮੀਤ ਢਿੱਲੋਂ ਨੂੰ ਕਾਨੂੰਨ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਅਸਿਸਟੈਂਟ ਅਟਾਰਨੀ ਜਨਰਲ ਚੁਣਿਆ ਹੈ। ਹਰਮੀਤ ਢਿੱਲੋਂ ਦਾ ਜਨਮ 2 ਅਪ੍ਰੈਲ 1969 ਨੂੰ ਚੰਡੀਗੜ੍ਹ ਵਿੱਚ ਹੋਇਆ। ਦੋ ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ ਸੀ। ਸੋਮਵਾਰ ਨੂੰ ਇਕ ਪੋਸਟ ਵਿੱਚ ਟਰੰਪ ਨੇ ਹਰਮੀਤ ਢਿੱਲੋਂ ਨੂੰ ਇਹ ਜ਼ਿੰਮੇਵਾਰੀ ਦਿੰਦੇ ਹੋਏ ਉਸਦੀ ਖੂਬ ਤਾਰੀਫ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ‘ਹਰਮੀਤ ਦੇਸ਼ ਦੇ ਉਚ ਚੁਣੀਂਦੇ ਵਕੀਲਾਂ ਵਿੱਚੋਂ ਇਕ ਹੈ ਜੋ ਇਹ ਨਿਸ਼ਚਿਤ ਕਰਨ ਲਈ ਲੜ ਰਹੀ ਹੈ ਵੋਟਾਂ ਦੀ ਗਿਣਤੀ ਕਾਨੂੰਨੀ ਤਰੀਕੇ ਨਾਲ ਕੀਤੀ ਜਾਵੇ। ਹਰਮੀਤ ਸਿੱਖ ਧਾਰਮਿਕ ਭਾਈਚਾਰੇ ਦੀ ਇਕ ਸਨਮਾਨਿਤ ਮੈਂਬਰ ਹੈ। ਹਰਮੀਤ ਸਾਡੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਕਰੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰੇਗੀ। ਇਸ ਦੇ ਜਵਾਬ ਵਿੱਚ ਹਰਮੀਤ ਢਿੱਲੋਂ ਨੇ ਕਿਹਾ ਕਿ ਇਹ ਅਹੁਦਾ ਮਿਲਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਟਰੰਪ ਦਾ ਬਹੁਤ ਧੰਨਵਾਦ।
ਹਰਮੀਤ ਢਿੱਲੋਂ ਨੇ ਡਾਰਟਮਾਊਥ ਕਾਲਜ ਤੋਂ ਕਲਾਸੀਕਲ ਸਟੱਡੀਜ਼ ਅਤੇ ਅੰਗਰੇਜ਼ੀ ਵਿੱਚ ਡਿਗਰੀ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਲਾਅ ਤੋਂ ਜਿਊਰਿਸ ਡਾਕਟਰ ਦੀ ਉਪਾਧੀ ਹਾਸਲ ਕੀਤੀ। ਉਨ੍ਹਾਂ ਨੇ ਆਪਣਾ ਕੈਰੀਅਰ ਯੂਐਸ ਕੋਰਟ ਆਫ ਅਪੀਲਸ ਦੇ ਜਜ ਪਾਲ ਵੀ ਨੀਮੇਅਰ ਲਈ ਇਕ ਲਾਅ ਕਲਰਕ ਵਜੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਨਿਆਂ ਵਿਪਾਗ, ਸਿਵਿਲ ਡਿਵੀਜ਼ਨ ਸੰਵਿਧਾਨਕ ਟੋਰਟਸ ਸੈਕਸ਼ਨ ਵਿੱਚ ਕੰਮ ਕੀਤਾ। ਨਿਊਯਾਰਕ, ਲੰਦਨ, ਸਿਲੀਕਾਨ ਵੈਲੀ ਅਤੇ ਸੈਨ ਫਰਾਂਸਿਸਕੋ ਵਿੱਚ ਅੰਤਰਰਾਸ਼ਟਰੀ ਲਾਅ ਫਰਮਾਂ ਵਿੱਚ ਇਕ ਦਹਾਕੇ ਤੱਕ ਕੰਮ ਕਰਨ ਤੋਂ ਬਾਅਦ ਢਿੱਲੋਂ ਨੇ 2006 ਵਿੱਚ ਆਪਣੀ ਖੁਦ ਦੀ ਲਾਅ ਫਰਮ, ਢਿੱਲੋਂ ਲਾਅ ਗਰੁੱਪ ਦੀ ਸਥਾਪਨਾ ਕੀਤੀ। ਢਿੱਲੋਂ ਕਮਰਸ਼ੀਅਲ ਕੇਸ, ਰੁਜ਼ਗਾਰ ਕਾਨੂੰਨ ਅਤੇ ਚੋਣ ਸਮੇਤ ਕਾਨੂੰਨ ਦੇ ਕਈ ਪ੍ਰਮੁੱਖ ਖੇਤਰਾਂ ਵਿੱਚ ਮਾਹਰ ਹੈ।
Published on: ਦਸੰਬਰ 10, 2024 10:10 ਪੂਃ ਦੁਃ