ਅਧਿਕਾਰਾਂ ਦੀ ਰਾਖੀ ਲਈ ਇਨ੍ਹਾਂ ਤੋਂ ਜਾਣੂ ਹੋਣ ਦੀ ਅਤੇ ਵਿਸ਼ਾਲ ਜਥੇਬੰਦਕ ਏਕਾ ਦੀ ਜਰੂਰਤ: ਜਥੇਬੰਦਕ ਆਗੂ
ਦਲਜੀਤ ਕੌਰ
ਬਰਨਾਲਾ, 10 ਦਸੰਬਰ, 2024: ਅੱਜ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੇ ਸਾਂਝੇ ਮੁਹਾਜ਼ ਦੇ ਸੱਦੇ ’ਤੇ ਬਰਨਾਲਾ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ। ਰੇਲਵੇ ਸਟੇਸ਼ਨ ਬਰਨਾਲਾ ‘ਤੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮਨੁੱਖੀ ਅਧਿਕਾਰ ਹਾਸਲ ਕਰਨ ਲਈ ਸੰਸਾਰ ਭਰ ਦੇ ਲੋਕਾਂ ਦੁਆਰਾ ਕੀਤੀ ਕਈ ਸਦੀਆਂ ਦੀ ਜਦੋਜਹਿਦ ’ਤੇ ਰੋਸ਼ਨੀ ਪਾਉਂਦਿਆ ਕਿਹਾ ਕਿ ਮਨੁੱਖੀ ਅਧਿਕਾਰ ਸੰਸਾਰ ਭਰ ਦੇ ਸ਼ਾਸ਼ਕਾਂ ਨੇ ਕੋਈ ਖੈਰਾਤ ਵਿਚ ਨਹੀਂ ਦਿੱਤੇ।
ਇਸ ਰੈਲੀ ਨੂੰ ਤਰਕਸ਼ੀਲ ਸੁਸਾਇਟੀ ਦੇ ਮਾਸਟਰ ਰਾਜਿੰਦਰ ਸਿੰਘ, ਜਮਹੂਰੀ ਅਧਿਕਾਰ ਸਭਾ ਆਗੂ ਸੋਹਣ ਸਿੰਘ ਮਾਝੀ ਡੀਟੀਐੱਫ ਦੇ ਰਾਜੀਵ ਕੁਮਾਰ, ਬੀਕੇਯੂ ਡਕੌਂਦਾ ਧਨੇਰ ਦੇ ਭੋਲਾ ਸਿੰਘ ਛੰਨਾ, ਬੀਕੇਯੂ ਉਗਰਾਹਾਂ ਦੀ ਆਗੂ ਕਮਲਜੀਤ ਕੌਰ, ਮਜ਼ਦੂਰ ਅਧਿਕਾਰ ਅੰਦੋਲਨ ਦੇ ਲਾਭ ਸਿੰਘ ਅਕਲੀਆ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਪਵਿੱਤਰ ਸਿੰਘ ਲਾਲੀ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ, ਪਲਸ ਮੰਚ ਦੇ ਮਾਸਟਰ ਰਾਮ ਕੁਮਾਰ, ਪੰਜਾਬ ਤੇ ਚੰਡੀਗੜ੍ਹ ਵਰਕਿੰਗ ਜਰਨਲਿਸਟ ਯੂਨੀਅਨ ਦੇ ਜਗਸੀਰ ਸਿੰਘ ਸੰਧੂ, ਪੀਐੱਸਯੂ ਆਗੂ ਸੁਖਦੀਪ ਸਿੰਘ ਹਥਨ, ਡੀਐੱਮਐੱਫ ਆਗੂ ਮਿਲਖਾ ਸਿੰਘ, ਬੀਕੈਯੂ ਡਕੌਂਦਾ ਬੂਟਾ ਬੁਰਜਗਿੱਲ ਦੇ ਸਿਕੰਦਰ ਸਿੰਘ ਭੂਰੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਇਹ ਸੰਸਾਰ ਭਰ ਦੇ ਲੱਖਾਂ ਕਰੋੜਾਂ ਲੋਕਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਸੀ ਕਿ ਯੂ.ਐਨ.ਓ ਨੇ 10 ਦਸੰਬਰ 1948 ਨੂੰ “ਮਨੁੱਖੀ ਅਧਿਕਾਰਾਂ ਦਾ ਯੂਨੀਵਰਸਲ ਐਲਾਨਨਾਮਾ” ਜਾਰੀ ਕੀਤਾ। ਹਾਲਾਂਕਿ ਸਨਮਾਨਜਨਕ ਤੇ ਅਰਥ-ਭਰਪੂਰ ਸਾਰਥਿਕ ਜ਼ਿੰਦਗੀ ਜਿਉਣ ਲਈ ਇਹ ਅਧਿਕਾਰ ਕਾਫੀ ਨਹੀਂ ਅਤੇ ਹੋਰ ਬਹੁਤ ਸਾਰੇ ਜਮਹੂਰੀ ਅਧਿਕਾਰਾਂ ਦੀ ਜ਼ਰੂਰਤ ਹੈ ਪਰ ਇਨ੍ਹਾਂ ਹਾਸਲ ਅਧਿਕਾਰਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਤੋਂ ਲਾਗੂ ਕਰਵਾਉਣ ਲਈ ਇਨ੍ਹਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਅਤੇ ਇਨ੍ਹਾਂ ਦੀ ਰਾਖੀ ਲਈ ਵਿਸ਼ਾਲ ਜਥੇਬੰਦਕ ਏਕੇ ਦੇ ਸਹਾਰੇ ਲਗਾਤਾਰ ਸੰਘਰਸ਼ ਕਰਨ ਦੀ ਜ਼ਰੂਰਤ ਹੈ।
ਜਥੇਬੰਦਕ ਆਗੂਆਂ ਨੇ ਅੱਗੇ ਕਿਹਾ ਕਿ ਭਾਵੇਂ ਭਾਰਤ ਇਸ ਐਲਾਨਨਾਮੇ ਉਪਰ ਸਹੀ ਪਾਉਣ ਵਾਲੇ ਮੁਲਕਾਂ ਦੀ ਲਿਸਟ ਵਿਚ ਸ਼ਾਮਲ ਹੈ ਪ੍ਰੰਤੂ ਭਾਰਤ ਸਰਕਾਰ ਆਏ ਦਿਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੀ ਰਹਿੰਦੀ ਹੈ। ‘ਬੁਲਡੋਜ਼ਰ ਨਿਆਂ’. ਝੂਠੇ ਪੁਲਿਸ ਮੁਕਾਬਲੇ, ਸਿਆਸੀ ਅਸਹਿਮਤ ਕਾਰਕੁਨਾਂ ਨੂੰ ਬਗੈਰ ਮੁਕੱਦਮਾ ਚਲਾਏ ਸਾਲਾਂਬੱਧੀ ਜੇਲ੍ਹਾਂ ਵਿਚ ਸੁੱਟੀ ਰੱਖਣਾ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁਟਣਾ ਆਦਿ ਤਾਂ ਇਨ੍ਹਾਂ ਹਮਲਿਆਂ ਦੀ ਬਹੁਤ ਲੰਬੀ ਲਿਸਟ ਦੀ ਇਕ ਝਲਕ ਮਾਤਰ ਹੈ।
ਰੈਲੀ ਉਪਰੰਤ ਸ਼ਹਿਰ ਦੇ ਸਦਰ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿਚੋਂ ਦੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਾਰਚ ਕੀਤਾ ਗਿਆ ਅਤੇ ਜ਼ੋਸ ਭਰਪੂਰ ਨਾਹਰਿਆਂ ਨਾਲ ਸਰਕਾਰਾਂ ਨੂੰ ਇਨ੍ਹਾਂ ਅਧਿਕਾਰਾਂ ਉਪਰ ਹੋ ਰਹੇ ਹਮਲੇ ਬੰਦ ਕਰਨ ਦੀ ਚਿਤਾਵਨੀ ਕੀਤੀ ਗਈ।
ਇਸ ਮੌਕੇ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੁਦਾਗਰ ਸਿੰਘ ਭੋਤਨਾ, ਪੱਤਰਕਾਰ ਨਿਰਮਲ ਪੰਡੋਰੀ, ਰਵਿੰਦਰ ਰਵੀ, ਲੇਖਕ ਤੇਜਾ ਸਿੰਘ ਤਿਲਕ, ਹਰਭਗਵਾਨ, ਭੋਲਾ ਸਿੰਘ ਸੰਘੇੜਾ, ਇਨਕਲਾਬੀ ਆਗੂ ਨਰੈਣ ਦੱਤ, ਗੁਰਮੇਲ ਸਿੰਘ ਠੁੱਲੀਵਾਲ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ, ਚਰਨਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰਾ, ਭੋਲਾ ਸਿੰਘ ਸੰਘੇੜਾ, ਨਰਿੰਦਰ ਸਿੰਗਲਾ ਆਦਿ ਹਾਜ਼ਰ ਸਨ। ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤਾ।