ਜਲੰਧਰ, 10 ਦਸੰਬਰ, ਦੇਸ਼ ਕਲਿੱਕ ਬਿਓਰੋ
ਜਲੰਧਰ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਇੱਕ ਹੋਰ ਵੱਡੀ ਮਜਬੂਤੀ ਮਿਲੀ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਦੋਵੇਂ ਪਾਰਟੀਆਂ ਦੇ ਸਾਬਕਾ ਕੌਂਸਲਰਾਂ ਸਮੇਤ ਕਈ ਸਥਾਨਕ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਵਾਰਡ ਨੰਬਰ 33 ਤੋਂ ਸਾਬਕਾ ਕਾਂਗਰਸੀ ਕੌਂਸਲਰ ਅਰੁਣ ਅਰੋੜਾ ਅਤੇ ਵਾਰਡ ਨੰਬਰ 62 ਤੋਂ ਭਾਜਪਾ ਦੇ ਸਾਬਕਾ ਕੌਂਸਲਰ ਵਿਨੀਤ ਧੀਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਦੋਂ ਕਿ ਵਾਰਡ ਨੰਬਰ 55 ਤੋਂ ਭਾਜਪਾ ਆਗੂ ਅਮਿਤ ਲੂਥਰਾ, ਮੋਹਿਤ ਸੇਠ ਅਤੇ ਕੁਲਜੀਤ ਹੈਪੀ ਵੀ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ‘ਆਪ’ ਆਗੂਆਂ ਦੀਪਕ ਬਾਲੀ ਅਤੇ ਰਾਜਵਿੰਦਰ ਕੌਰ ਥਿਆੜਾ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ।
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਨਵੇਂ ਆਗੂਆਂ ਦਾ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਆਗੂ ਲਗਾਤਾਰ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਲੰਧਰ ਤੋਂ ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ।
ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਤੀ ਹਰ ਪਾਸੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਆਗੂ ਤੇ ਵਰਕਰ ਵੀ ਕਾਫੀ ਉਤਸ਼ਾਹਿਤ ਹਨ। ਸਾਨੂੰ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਇਸ ਨਗਰ ਨਿਗਮ ਦੀ ਚੋਣ ਵਿੱਚ ਇਤਿਹਾਸਕ ਜਿੱਤ ਦਰਜ ਕਰੇਗੀ ਅਤੇ ਹਰ ਥਾਂ ਆਪਣਾ ਮੇਅਰ ਬਣਾਏਗੀ।