ਅੰਮ੍ਰਿਤਸਰ, 10 ਦਸੰਬਰ, ਦੇਸ਼ ਕਲਿਕ ਬਿਊਰੋ :
ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 13 ਸਫਿਆਂ ਦਾ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਜਾਂਚ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਐਸਪੀ ਹਰਪਾਲ ਸਿੰਘ ਰੰਧਾਵਾ ਖਿਲਾਫ ਕਾਰਵਾਈ ਕਰਕੇ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ।
ਬਿਕਰਮ ਮਜੀਠੀਆ ਨੇ ਪੰਜਾਬ ਦੇ ਪੁਲਿਸ ਕਮਿਸ਼ਨਰ ਦੁਆਰਾ ਕੀਤੀ ਜਾ ਰਹੀ ਜਾਂਚ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਹ ਕਹਿ ਰਹੇ ਹਨ ਕਿ ਸੂਬਾ ਪੁਲਿਸ ਦੀ ਲਾਪਰਵਾਹੀ ਕਾਰਨ ਹੀ ਸੁਖਬੀਰ ਬਾਦਲ ’ਤੇ ਹਮਲਾ ਹੋਇਆ।ਮਜੀਠੀਆ ਦਾ ਦੋਸ਼ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਸੁਖਬੀਰ ਬਾਦਲ ਦੀ ਜਾਨ ਦੀ ਸੁਰੱਖਿਆ ਵਿਚ ਗੰਭੀਰ ਕੋਤਾਹੀ ਕੀਤੀ।
ਉਹਨਾ ਦਾ ਇਹ ਵੀ ਕਹਿਣਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਪਾਕਿਸਤਾਨੀ ਆਈਐਸਆਈ ਏਜੰਟ ਅਤੇ ਹਮਲਾਵਰ ਨਾਰਾਇਣ ਸਿੰਘ ਚੌੜਾ ਨਾਲ ਮਿਲੀਭੁਗਤ ਕਰ ਰਹੇ ਸਨ। ਬਿਕਰਮ ਮਜੀਠੀਆ ਹਮਲੇ ਤੋਂ ਬਾਅਦ ਤੋਂ ਹੀ ਪੁਲਿਸ ਦੀ ਜਾਂਚ ’ਤੇ ਸਵਾਲ ਚੁੱਕਦੇ ਆ ਰਹੇ ਹਨ।