ਚੰਡੀਗੜ੍ਹ: 10 ਦਸੰਬਰ, ਦੇਸ਼ ਕਲਿੱਕ ਬਿਓਰੋ
ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਕਲਾ ਪਰਿਸ਼ਦ ਦੇ ਵਿਹੜੇ ਵਿਚ “ਯੁਵਾ ਸਾਹਿਤੀ'” ਅਧੀਨ ਕਵਿਤਾ ਤੇ ਕਹਾਣੀ ਪਾਠ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ਕੀਤੀ। ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਕਲਾ ਪਰਿਸ਼ਦ ਤੇ ਭਾਰਤੀ ਸਾਹਿਤ ਅਕਾਦਮੀ ਦੇ ਕਾਰਜਕਾਰਨੀ ਮੈਂਬਰ ਡਾ. ਯੋਗਰਾਜ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ “ਯੁਵਾ ਸਾਹਿਤੀ” ਭਾਰਤੀ ਸਾਹਿਤ ਅਕਾਦਮੀ ਦੀ ਮਹੱਤਵਪੂਰਨ ਸਮਾਗਮ ਲੜੀ ਹੈ ਅਤੇ ਕਲਾ ਪਰਿਸ਼ਦ ਵਿਖੇ ਪਹਿਲੀ ਵਾਰ ਹੋਇਆ ਹੈ ਅਤੇ ਕਾਰਜਾਂ ਵਿਚ ਸੰਤੁਲਨ ਬਣਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਰਹਿਣਗੇ।
ਸਭ ਤੋਂ ਪਹਿਲਾਂ ਨੌਜਵਾਨ ਕਹਾਣੀਕਾਰ ਗੁਰਮੀਤ ਆਰਿਫ਼ ਨੇ ਆਪਣੀ ਕਹਾਣੀ “ਨਿੱਕੇ ਖੰਭਾਂ ਦੀ ਉਡਾਣ” ਪੜ੍ਹੀ। ਕਹਾਣੀ ਦਾ ਵਿਸ਼ਾ ਬੱਚਿਆਂ ਦੀ ਮਾਨਸਿਕਤਾ, ਉਨ੍ਹਾਂ ਦੇ ਸੁਪਨਿਆਂ ਤੇ ਪਰਿਵਾਰਿਕ ਕਸ਼ਮਕਸ਼ ਸੀ; ਕਹਾਣੀ ਨੂੰ ਸਰੋਤਿਆਂ ਨੇ ਖੂ਼ਬ ਪਸੰਦ ਕੀਤਾ।ਇਸ ਤੋਂ ਉਪਰੰਤ ਕਹਾਣੀਕਾਰੀ ਰੇਮਨ ਨੇ ਆਪਣੀ ਕਹਾਣੀ “ਆਓਗੇ ਜਬ ਤੁਮ” ਪੜ੍ਹੀ ਜੋ ਕਿ ਜ਼ਿੰਦਗੀ ਉਲਝਣਾ ਤੇ ਦੌਹਰੇਪਨ ਨੂੰ ਪੇਸ਼ ਕਰਦੀ ਸੀ; ਕਹਾਣੀ ਦੇ ਵਿਸ਼ੇ ਤੇ ਭਾਸ਼ਾ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ।
ਸਮਾਗਮ ਦੇ ਅਗਲੇ ਭਾਗ ਵਿਚ ਸਭ ਤੋਂ ਪਹਿਲਾਂ ਦਿੱਲੀ ਤੋਂ ਆਏ ਕਵੀ ਸੰਦੀਪ ਸ਼ਰਮਾ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਸ਼ਰਸ਼ਾਰ ਕੀਤਾ। ਉਹਨਾਂ ਨੇ ਔਰਤ,ਵਾਸ਼ਲਵਾਸ਼ਾਨੀ, ਆਨੰਤ, ਧਰਮੀ ਪੁੱਤਰ ਆਦਿ ਕਵਿਤਾਵਾਂ ਸੁਣਾਈਆਂ। ਇਸ ਤੋਂ ਬਾਅਦ ਉੱਘੀ ਸ਼ਾਇਰਾ ਜਸਲੀਨ ਕੌਰ ਨੇ ਅੱਜ ਦੇ ਸਮੇਂ ਨੂੰ ਮੁਖਾਤਿਬ ਹੁੰਦੀਆਂ ਕਵਿਤਾਵਾਂ ਸੁਣਾਈਆਂ; ਗਲੋਬਲ ਪਿੰਡ ਦੀਆਂ ਕੁੜੀਆਂ, ਔਰਗਿਜ਼ਮ, ਜਨਮਅਸ਼ਟਮੀ, ਰੰਗ, ਮੇਰੇ ਪਿਆਰੇ ਬੱਚੇ ਆਦਿ ਕਵਿਤਾਵਾਂ ਸਰੋਤਿਆਂ ਨੇ ਖੂਬ ਪਸੰਦ ਕੀਤੀਆਂ।। ਆਖ਼ਰ ਵਿਚ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਲਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਸਵਰਨਜੀਤ ਸਵੀ ਨੇ ਕਿਹਾ ਕਿ ਅੱਜ ਦਾ ਸਮਾਗਮ ਮਹੱਤਵਪੂਰਨ ਹੋ ਨਿਭੜਿਆ; ਨੌਜਵਾਨਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਨੇ ਨਵੀਂ ਨੀਂਹ ਰੱਖਣੀ ਹੈ। ਉਹਨਾਂ ਨੇ ਅੱਗੇ ਜੋੜਿਆ ਕਿ ਨਾਰੀ ਚੇਤਨਾ, ਦਲਿਤ ਚੇਤਨਾ, ਇਕ ਕਹਾਣੀਕਾਰ ਆਦਿ ਸਮਾਗਮ ਮਹੀਨਾਵਾਰ ਕਰਵਾਏ ਜਾਂਦੇ ਰਹਿਣਗੇ। ਸਮਾਰੋਹ ਦਾ ਸੰਚਾਲਨ ਸਮਾਗਮ ਦੇ ਕੁਆਰਡੀਨੇਟਰ ਡਾ. ਅਮਰਜੀਤ ਨੇ ਬਾਖੂਬੀ ਕੀਤਾ।ਪੰਜਾਬ ਸਾਹਿਤ ਅਕਾਦਮੀ ਦੇ ਜਨਰਲ ਕੌਂਸਲ ਦੇ ਜਨਰਲ ਕੌਂਸਲ ਦੇ ਮੈਂਬਰ ਜਗਦੀਪ ਸਿੱਧੂ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਕਹਾਣੀਕਾਰ ਬਲੀਜੀਤ, ਪਾਲ ਅਜਨਬੀ, ਭੁਪਿੰਦਰ ਮਲਿਕ, ਵਰਿੰਦਰ ਸਿੰਘ, ਸੁਰਜੀਤ ਸੁਮਨ, ਕਹਾਣੀਕਾਰ ਭਗਵੰਤ ਰਸੂਲਪੁਰੀ, ਜਸਪਾਲ ਫਿਰਦੌਸੀ, ਪ੍ਰੋ ਦਿਲਭਾਗ, ਜਸ਼ਨਪ੍ਰੀਤ ਕੌਰ, ਪ੍ਰੀਤਮ ਰੁਪਾਲ, ਪ੍ਰੀ. ਬਹਾਦੁਰ ਸਿੰਘ ਗੋਸਲ, ਉੱਘੇ ਸ਼ਾਇਰ ਸੇਵਾ ਸਿੰਘ ਭਾਸ਼ੋ
ਬਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਸ਼ਾਮਿਲ ਹੋਏ।