ਚੰਡੀਗੜ੍ਹ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਸਰਕਾਰ ਪਲੇਵੇਅ ਸਕੂਲਾਂ ਲਈ ਨਵੀਂ ਪਾਲਿਸੀ ਲਾਗੂ ਕਰਨ ਜਾ ਰਹੀ ਹੈ। ਪਲੇਵੇਅ ਸਕੂਲਾਂ ਦੀ ਇਮਾਰਤ ਤੋਂ ਲੈ ਕੇ ਅਧਿਆਪਕਾਂ ਤੱਕ ਲਈ ਗਾਈਡਲਾਈਨ ਤੈਅ ਕੀਤੀ ਗਈ ਹੈ। ਵਿਭਾਗ ਵੱਲੋਂ ਸਕੂਲਾਂ ਦੀ ਮਾਨੀਟਰਿੰਗ ਕੀਤੀ ਜਾਵੇਗੀ। ਸਕੂਲਾਂ ਵਿੱਚ ਦਾਖਲੇ ਲਈ ਬੱਚੇ ਦਾ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਪਿਆਂ ਨਾਲ ਇੰਟਰਵਿਊ ਆਦਿ ਨਹੀਂ ਹੋਵੇਗਾ। ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ਪੂਰੀ ਤਰ੍ਹਾਂ ਬੰਦ ਰਹੇਗਾ। ਨਾ ਤਾਂ ਘਰੋਂ ਟਿਫਨ ਵਿੱਚ ਜੰਕ ਫੂਡ ਆਵੇਗਾ ਅਤੇ ਨਾਂ ਹੀ ਸਕੂਲ ਜਾਂ ਉਸਦੇ ਆਲੇ-ਦੁਆਲੇ ਜੰਕ ਫੂਡ ਵੇਚਿਆ ਜਾਵੇਗਾ।
ਇਹ ਜਾਣਕਾਰੀ ਮੰਤਰੀ ਡਾ. ਬਲਜੀਤ ਕੌਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਦਾਖਲ ਕਰਨ ਤੋਂ ਪਹਿਲਾਂ ਇਹ ਜਾਂਚ ਲਾਜ਼ਮੀ ਕਰ ਲੈਣ ਕਿ ਸਕੂਲ ਰਜਿਸਟਰਡ ਹੈ ਜਾਂ ਨਹੀਂ। ਇਸ ਸੰਬੰਧੀ ਜਾਣਕਾਰੀ ਸੋਸ਼ਲ ਵੈਲਫੇਅਰ ਵਿਭਾਗ ਦੀ ਵੈਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ। 3 ਤੋਂ 6 ਸਾਲ ਦੇ ਬੱਚਿਆਂ ਦੀ ਗਿਣਤੀ ਪੰਜਾਬ ਵਿੱਚ 40 ਹਜ਼ਾਰ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇੱਕ ਕਮਰੇ ਵਿੱਚ ਚਲਣ ਵਾਲੇ ਪਲੇਵੇਅ ਸਕੂਲ ਪੂਰੀ ਤਰ੍ਹਾਂ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਦਾ ਕੰਟਰੋਲ ਆਂਗਣਵਾੜੀ ਕੇਂਦਰਾਂ ਤੱਕ ਸੀ, ਪਰ ਹੁਣ ਸਾਰੇ ਪਲੇਵੇਅ ਸੈਂਟਰ ਕਵਰ ਕੀਤੇ ਜਾਣਗੇ।