ਬਰਫ ਵਿਚ ਖੜ੍ਹਾ ਕੇ ਸਵੇਰੇ ਦੀ ਪ੍ਰਾਰਥਨਾ ਕਰਵਾਈ, ਬਰਫ਼ੀਲੇ ਕਮਰੇ ‘ਚ 3 ਘੰਟੇ ਬਿਠਾ ਕੇ ਲਈ ਪ੍ਰੀਖਿਆ
ਸ਼ਿਮਲਾ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਵਿੱਚ ਬੱਚਿਆਂ ਨੂੰ ਸਕੂਲ ਦੀ ਪ੍ਰੀਖਿਆ ਤੋਂ ਪਹਿਲਾਂ ਬਰਫ ਦੀ ਪ੍ਰੀਖਿਆ ਦੇਣੀ ਪਈ। ਦਰਅਸਲ, 6 ਤੋਂ 12 ਸਾਲ ਦੀ ਉਮਰ ਦੇ 143 ਬੱਚਿਆਂ ਨੂੰ ਸਕੂਲ ਪਹੁੰਚਣ ਲਈ ਨਾ ਸਿਰਫ 3 ਤੋਂ 4 ਘੰਟੇ ਬਰਫ ਵਿਚ 15 ਕਿਲੋਮੀਟਰ ਪੈਦਲ ਚਲਣਾ ਪਿਆ, ਸਗੋਂ ਉਨ੍ਹਾਂ ਨੂੰ ਬਰਫ ਵਿਚ ਖੜ੍ਹਕੇ ਸਵੇਰੇ ਦੀ ਪ੍ਰਾਰਥਨਾ ਵੀ ਕਰਵਾਈ ਗਈ।
ਇਸ ਤੋਂ ਵੀ ਵੱਧ, ਜਿਸ ਕਮਰੇ ਵਿੱਚ ਉਨ੍ਹਾਂ ਨੂੰ 3 ਘੰਟੇ ਬਿਠਾ ਕੇ ਪ੍ਰੀਖਿਆ ਦਿਵਾਈ ਗਈ, ਉਸਦੀ ਛੱਤ ਵੀ ਬਰਫ ਨਾਲ ਢਕੀ ਹੋਈ ਸੀ। ਇਸ ਹਾਲਤ ਵਿਚ ਕਈ ਬੱਚੇ ਠੰਢ ਕਾਰਨ ਬਿਮਾਰ ਹੋਣ ਲੱਗੇ। ਇਸ ਤੋਂ ਬਾਅਦ ਮਾਪਿਆਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।
ਮਾਪਿਆਂ ਦਾ ਕਹਿਣਾ ਹੈ ਕਿ ਬਰਫਬਾਰੀ ਦੇ ਬਾਵਜੂਦ ਸਕੂਲਾਂ ਵਿੱਚ ਪ੍ਰੀਖਿਆ ਦਾ ਸਮਾਂ ਕਿਉਂ ਨਹੀਂ ਬਦਲਿਆ ਗਿਆ। ਇਸ ਮਾਮਲੇ ’ਚ ਹਿਮਾਚਲ ਦੇ ਸਿੱਖਿਆ ਨਿਰਦੇਸ਼ਕ ਨੇ ਕਿਹਾ ਕਿ ਜੇਕਰ ਕੋਈ ਪ੍ਰਸਤਾਵ ਆਉਂਦਾ ਹੈ, ਤਾਂ ਅਸੀਂ ਇੱਥੇ ਬੱਚਿਆਂ ਦੀ ਸਾਲਾਨਾ ਪ੍ਰੀਖਿਆ ਦਾ ਸ਼ਡਿਊਲ ਬਦਲਣ ’ਤੇ ਵਿਚਾਰ ਕਰਾਂਗੇ।
Published on: ਦਸੰਬਰ 11, 2024 7:38 ਪੂਃ ਦੁਃ