ਬਟਾਲਾ, 13 ਦਸੰਬਰ, ਦੇਸ਼ ਕਲਿੱਕ ਬਿਓਰੋ :
ਬਟਾਲਾ ਵਿੱਚ ਗਨੀਕੇ ਬਾਂਗਰ ਥਾਣੇ ਉੱਤੇ ਹੈਂਡ ਗ੍ਰਨੇਡ ਸੁੱਟਿਆ ਗਿਆ। ਪਰ ਕਿਸੇ ਕਾਰਨ ਕਰਕੇ ਗ੍ਰਨੇਡ ਫਟਿਆ ਨਹੀਂ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਨਵਾਂਸ਼ਹਿਰ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ।
ਹਾਲਾਂਕਿ ਬਟਾਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ ਸਾਢੇ ਦਸ ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਗਨੀਕੇ ਬਾਂਗਰ ਥਾਣੇ ਉੱਤੇ ਗ੍ਰਨੇਡ ਸੁੱਟਿਆ। ਪਰ ਗ੍ਰਨੇਡ ਫਟਿਆ ਨਹੀਂ। ਗ੍ਰਨੇਡ ਹਮਲੇ ਦੀ ਜਾਣਕਾਰੀ ਪੁਲਿਸ ਨੂੰ ਸਵੇਰੇ ਮਿਲੀ, ਜਿਸ ਤੋਂ ਬਾਅਦ ਐਸ.ਐਸ.ਪੀ ਸੋਹੇਲ ਕਾਸਿਮ ਮੀਰ ਸਮੇਤ ਹੋਰ ਅਧਿਕਾਰੀ ਅਤੇ ਜਾਂਚ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ।
ਸੂਤਰਾਂ ਦੇ ਅਨੁਸਾਰ ਦੋ ਨੌਜਵਾਨ ਬਾਇਕ ’ਤੇ ਆਏ ਸਨ, ਜਿਨ੍ਹਾਂ ਨੇ ਥਾਣੇ ਦੇ ਬਾਹਰ ਇੱਕ ਵਸਤੂ ਸੁੱਟੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਥਾਣੇ ਉੱਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਤੁਰੰਤ ਸਾਵਧਾਨ ਹੋ ਗਈ। ਦੇਰ ਰਾਤ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ.ਡੀ.ਜੀ.ਪੀ. ਪੰਜਾਬ ਨੌਨਿਹਾਲ ਸਿੰਘ ਵੀ ਮੌਕੇ ’ਤੇ ਪਹੁੰਚੇ ਸਨ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਅਤੇ ਏ.ਡੀ.ਜੀ.ਪੀ. ਦੇ ਦੌਰੇ ਨੂੰ ਰੁਟੀਨ ਦੌਰਾ ਦੱਸਿਆ ਗਿਆ ਹੈ।