ਮੋਰਿੰਡਾ: 13 ਦਸੰਬਰ, ਭਟੋਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਅਤੇ ਆਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕੱਲ੍ਹ ਤੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਰਹੇ ਹਨ, ਜਿਹੜੇ ਕਿ 16 ਦਸੰਬਰ ਤੱਕ ਜਾਰੀ ਰਹਿਣਗੇ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ਼ਮੂਲੀਅਤ ਕਰਕੇ ਪੰਥ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਂਦਾ ਹੈ। ਗੁਰਦੁਆਰਾ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ ਅਤੇ ਹੈਂਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਸ਼ਹੀਦੀ ਜੋੜ ਮੇਲ ਦੌਰਾਨ ਵੱਖ-ਵੱਖ ਕੀਰਤਨੀ ਕਥਾਵਾਚਕਾਂ ਅਤੇ ਢਾਡੀ ਜਥੇ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਇਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਸ੍ਰੀ ਐਮਾ ਸਾਹਿਬ ਪਿੰਡ ਸਹੇੜੀ ਵਿਖੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਅੱਜ ਸਮਾਪਤ ਹੋ ਗਿਆ। ਜਿਸ ਦੌਰਾਨ ਜਿੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉੱਥੇ ਹੀ ਰਾਗੀ , ਢਾਡੀ , ਕਥਾਵਾਚਕ ਅਤੇ ਕੀਰਤਨੀ ਜਥਿਆਂ ਵੱਲੋਂ ਕਥਾ ਕੀਰਤਨ ਅਤੇ ਵੀਰ ਰਸੀ ਢਾਡੀ ਵਾਰਾਂ ਰਾਹੀਂ ਇਹਨਾਂ ਮਹਾਨ ਸ਼ਹੀਦਾਂ ਵੱਲੋਂ ਛੋਟੀਆਂ ਉਮਰਾਂ ਵਿੱਚ ਕੀਤੀਆਂ ਵੱਡੀਆਂ ਸ਼ਹਾਦਤਾਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ।
ਸਿੱਖ ਇਤਿਹਾਸ ਅਨੁਸਾਰ ਦਸੰਬਰ 1704 ਨੂੰ ਮੁਗਲ ਰਾਜਿਆਂ ਅਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਅਤੇ ਗੀਤਾ ਦੀ ਸੌਂਹ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਸਮੇਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਕਿਲਾ ਛੱਡਣ ਉਪਰੰਤ ਮੁਗਲ ਤੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਥੀ ਸਿੱਖਾਂ ਉੱਤੇ ਕੋਈ ਵੀ ਹਮਲਾ ਨਹੀਂ ਕੀਤਾ ਜਾਵੇਗਾ,, ਪ੍ਰੰਤੂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ 4 ਸਿੰਘਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚੇ ਤਾਂ ਵਰਦੇ ਮੀਂਹ ਅਤੇ ਰਾਤ ਸਮੇਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਖਾਧੀਆਂ ਕਸਮਾਂ ਨੂੰ ਦਰਕਿਨਾਰ ਕਰਦਿਆਂ ਸਿੱਖ ਫੌਜ ਉੱਤੇ ਹਮਲਾ ਕਰ ਦਿੱਤਾ। ਇਤਿਹਾਸ ਅਨੁਸਾਰ ਉਸ ਸਮੇਂ ਜਿੱਥੇ ਬਹੁਤ ਸਾਰੇ ਸਿੱਖ ਸੂਰਬੀਰ ਸ਼ਹੀਦ ਹੋਏ , ਉੱਥੇ ਹੀ ਸਰਸਾ ਨਦੀ ਪਾਰ ਕਰਨ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਜਿਨਾਂ ਵਿੱਚੋਂ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ, ਛੋਟੇ ਸਾਹਿਬਜ਼ਾਦੇ , ਮਾਤਾ ਗੁਜਰੀ ਜੀ ਨਾਲ ਅਤੇ ਮਾਤਾ ਸੁੰਦਰੀ ਜੀ ਕੁਝ ਸਿੱਖਾਂ ਨਾਲ ਅਲੱਗ ਅਲੱਗ ਰਸਤਿਆਂ ਤੇ ਚੱਲ ਪਏ। ਇਤਿਹਾਸਕਾਰਾਂ ਅਨੁਸਾਰ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨਾਲ ਪਰਿਵਾਰ ਵਿਛੋੜੇ ਉਪਰੰਤ ਪਹਿਲੀ ਰਾਤ ਸਰਸਾ ਨਦੀ ਦੇ ਕਿਨਾਰੇ ਸਥਿਤ ਕੁੰਮਾ ਮਾਸ਼ਕੀ ਦੀ ਛੰਨ ਵਿੱਚ ਗੁਜ਼ਾਰੀ ਜਿੱਥੇ ਅੱਜ ਕੱਲ ਗੁਰਦੁਆਰਾ ਛੰਨ ਭਾਈ ਕੁੰਮਾ ਮਾਸ਼ਕੀ ਜੀ ਸਥਿਤ ਹੈ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਹਨ। ਇਸੇ ਤਰ੍ਹਾਂ ਮਾਤਾ ਸੁੰਦਰੀ ਜੀ ਪਰਿਵਾਰ ਤੋਂ ਅਲੱਗ ਹੋ ਕੇ ਗਿਣਤੀ ਦੇ ਸਿੱਖਾਂ ਨਾਲ ਦਿੱਲੀ ਵੱਲ ਚਾਲੇ ਪਾ ਦਿੰਦੇ ਹਨ। ਇਤਿਹਾਸਕਾਰਾਂ ਅਨੁਸਾਰ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਸਮੇਤ ਦੂਜੀ ਰਾਤ ਮੋਰਿੰਡਾ ਨੇੜੇ ਸਥਿਤ ਪਿੰਡ ਖੇੜੀ ( ਹੁਣ ਸਹੇੜੀ )ਵਿਖੇ ਗੁਰੂ ਘਰ ਦੇ ਰਹਿ ਚੁੱਕੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਗੁਜ਼ਾਰੀ, ਜਿੱਥੇ ਰਾਤ ਸਮੇਂ ਗੰਗੂ ਵੱਲੋਂ ਮਾਤਾ ਗੁਜਰੀ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਪੋਟਲੀ ਚੋਰੀ ਕਰ ਲੈਣ ਉਪਰੰਤ, ਮਾਤਾ ਜੀ ਵੱਲੋਂ ਗੰਗੂ ਨੂੰ ਇਸ ਚੋਰੀ ਬਾਰੇ ਪੁੱਛਣ ਤੇ ਬੌਖਲਾਹਟ ਵਿੱਚ ਆਇਆ ਗੰਗੂ ਉੱਚੀ ਉੱਚੀ ਬੋਲਣ ਲੱਗਾ ਅਤੇ ਉਸ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਆਪਣੇ ਘਰ ਹੋਣ ਦੀ ਸੂਚਨਾ ਮੋਰਿੰਡਾ ਦੇ ਕੋਤਵਾਲ ਜਾਨੀ ਖਾਂ ਮਾਨੀ ਖਾਂ ਨੂੰ ਦੇ ਦਿੱਤੀ , ਜਿਨਾਂ ਵੱਲੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਮੋਰਿੰਡਾ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਦੂਜੇ ਦਿਨ ਸੂਬਾ ਸਰਹੰਦ ਦੇ ਪੇਸ਼ ਕਰਨ ਲਈ ਲਜਾਇਆ ਗਿਆ ਜਿਸ ਕੋਤਵਾਲੀ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ ਉਸ ਅਸਥਾਨ ਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਜਿਸ ਅਸਥਾਨ ਤੋਂ ਇਹਨਾਂ ਨੂੰ ਸਰਹਿਦ ਲਿਜਾਇਆ ਗਿਆ ਉਸ ਅਸਥਾਨ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਸੁਸ਼ੋਭਿਤ ਹੈ। ਸਿੱਖ ਇਤਿਹਾਸ ਅਨੁਸਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕਰਨ ਉਪਰੰਤ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਅਤੇ ਉਨਾ ਨੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਧਰਮ ਕਬੂਲ ਕਰਨ ਲਈ ਤਰਾਂ ਤਰਾਂ ਦੇ ਲਾਲਚ ਅਤੇ ਡਰਾਵੇ ਦਿੱਤੇ ਗਏ, ਪ੍ਰੰਤੂ ਛੋਟੇ ਸਾਹਿਬਜ਼ਾਦਿਆਂ
ਵੱਲੋ ਕਿਸ ਵੀ ਤਰਾਂ ਦੇ ਲਾਲਚ ਅਤੇ ਡਰ ਤੋ ਅਡੋਲ ਰਹਿਣ
ਉਪਰੰਤ ਮੁਗਲ ਹਕੂਮਤ ਵੱਲੋ 6 ਤੇ 9 ਸਾਲ ਉਮਰ ਦੇ ਸਾਹਿਬਜ਼ਾਦਿਆਂ ਨੂੰਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਸੂਚਨਾ ਮਿਲਣ ਤੇ ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ।