ਹਰ ਮੁੱਦੇ ’ਤੇ ਦਿੱਲੀ ਜਾ ਕੇ ਅੰਦੋਲਨ ਕਰਨਾ ਜਾਇਜ਼ ਨਹੀਂ : ਜੋਗਿੰਦਰ ਸਿੰਘ ਉਗਰਾਹਾਂ
ਸੁਨਾਮ, 14 ਦਸੰਬਰ, ਦੇਸ਼ ਕਲਿਕ ਬਿਊਰੋ :
ਸ਼ੰਭੂ ਬਾਰਡਰ ’ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਦਿੱਲੀ ਦਾ ਰੁਖ ਕਰ ਰਹੇ ਹਨ। ਦੂਜੇ ਪਾਸੇ, ਦੇਸ਼ ਦੀ ਸਭ ਤੋਂ ਸਰਗਰਮ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਸਦੇ ਵਿਰੁੱਧ ਬਿਆਨ ਆਇਆ ਹੈ। ਜਥੇਬੰਦੀ ਦੇ ਪ੍ਰਦੇਸ਼ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਰ ਮੁੱਦੇ ’ਤੇ ਦਿੱਲੀ ਜਾ ਕੇ ਅੰਦੋਲਨ ਕਰਨਾ ਜਾਇਜ਼ ਨਹੀਂ ਹੈ ਅਤੇ ਅਮਲੀ ਤੌਰ ’ਤੇ ਇਹ ਆਸਾਨ ਵੀ ਨਹੀਂ ਹੈ।
ਉਗਰਾਹਾਂ ਨੇ ਕਿਹਾ ਕਿ ਗੰਭੀਰ ਮੁੱਦੇ ’ਤੇ ਦਿੱਲੀ ਜਾ ਕੇ ਅੰਦੋਲਨ ਕਰਨਾ ਉਚਿਤ ਹੈ ਅਤੇ ਇਸ ਤਰ੍ਹਾਂ ਦੇ ਅੰਦੋਲਨਾਂ ਨੂੰ ਦੇਸ਼ ਭਰ ਦੇ ਹਰ ਵਰਗ ਦਾ ਸਮਰਥਨ ਮਿਲਦਾ ਹੈ। ਦਿੱਲੀ ਜਾ ਕੇ ਅੰਦੋਲਨ ਕਰਨਾ ਕੋਈ ਆਮ ਗੱਲ ਨਹੀਂ ਹੈ, ਬਲਕਿ ਦਿੱਲੀ ਦੇ ਅੰਦੋਲਨ ਇਤਿਹਾਸ ਰਚਦੇ ਹਨ ਅਤੇ ਮਿਸਾਲ ਬਣਦੇ ਹਨ। ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਕੀਤਾ ਗਿਆ ਆੰਦੋਲਨ ਇਸਦਾ ਸਿੱਧਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਐਮਐਸਪੀ ’ਤੇ ਗਾਰੰਟੀ ਕਾਨੂੰਨ ਬਣਵਾਉਣਾ ਨਿਸ਼ਚਤ ਤੌਰ ’ਤੇ ਅਸੰਭਵ ਨਹੀਂ ਹੈ, ਪਰ ਇਹ ਇਨ੍ਹਾਂ ਵੀ ਆਸਾਨ ਨਹੀਂ ਹੈ ਕਿ ਕਿਸੇ ਪੱਕੀ ਯੋਜਨਾ ਤੋਂ ਬਿਨਾ ਦਿੱਲੀ ਕੂਚ ਕੀਤਾ ਜਾਵੇ। ਉਗਰਾਹਾਂ ਨੇ ਕਿਹਾ ਕਿ ਅੱਜ ਸਭ ਤੋਂ ਜ਼ਰੂਰੀ ਗੱਲ ਕੇਂਦਰ ਵੱਲੋਂ ਮੱਧ ਨਵੰਬਰ ਵਿੱਚ ਰਾਜਾਂ ਨੂੰ ਭੇਜੇ ਗਏ ਨੈਸ਼ਨਲ ਪਾਲਿਸੀ ਫ੍ਰੇਮਵਰਕ ਆਨ ਐਗਰੀਕਲਚਰ ਮਾਰਕੀਟਿੰਗ ਦੇ ਮਸੌਦੇ ’ਤੇ ਵਿਚਾਰ ਕਰਨਾ ਅਤੇ ਸੰਗਰਾਮ ਦੀ ਸ਼ੁਰੂਆਤ ਕਰਨੀ ਹੈ। ਇਸ ਮਸੌਦੇ ਵਿੱਚ ਖੇਤੀ ਕਾਨੂੰਨਾਂ ਦੀ ਤਰ੍ਹਾਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜੋ ਸਿੱਧੇ ਤੌਰ ’ਤੇ ਕਿਸਾਨੀ ਹਿੱਤਾਂ ਨੂੰ ਪ੍ਰਭਾਵਿਤ ਕਰਨਗੇ।
ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਯੋਜਨਾ ਨੂੰ ਰੋਕਣ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਗਰਾਹਾਂ ਨੇ ਕਿਹਾ ਕਿ ਵਿਸ਼ਲੇਸ਼ਕ ਉਨ੍ਹਾਂ ਦੀ ਇਸ ਸੋਚ ਨੂੰ ਕਿਸਾਨ ਆੰਦੋਲਨ ਵਿੱਚ ਮਤਭੇਦ ਦਾ ਨਾਂ ਦੇ ਰਹੇ ਹਨ, ਪਰ ਇਹ ਸੌ ਫੀਸਦੀ ਕੌੜਾ ਸੱਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੁੱਦਿਆਂ ਨਾਲ ਸਹਿਮਤ ਹੈ ਪਰ ਅੰਦੋਲਨ ਦੇ ਤਰੀਕੇ ਨਾਲ ਨਹੀਂ।