ਚੰਡੀਗੜ੍ਹ, 14 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਚੰਡੀਗੜ੍ਹ ‘ਚ ਠੰਢ ਅਤੇ ਸ਼ੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਸੰਤਰੀ ਅਲਰਟ ਜਾਰੀ ਕੀਤਾ ਹੈ।ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਠੰਢੀਆਂ ਹਵਾਵਾਂ ਦੇ ਕਾਰਨ ਸ਼ੀਤ ਲਹਿਰ ਬਣੀ ਹੋਈ ਹੈ। ਹਾਲਾਂਕਿ ਦੁਪਹਿਰੇ ਸੂਰਜ ਕਾਰਨ ਰਾਹਤ ਮਿਲ ਰਹੀ ਹੈ। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਤਾਪਮਾਨ ਸੰਗਰੂਰ ਵਿੱਚ ਦਰਜ ਕੀਤਾ ਗਿਆ, ਜੋ 1.1 ਡਿਗਰੀ ਤੱਕ ਪਹੁੰਚ ਗਿਆ। ਉਥੇ ਹੀ ਚੰਡੀਗੜ੍ਹ ਵਿੱਚ ਨਿਊਨਤਮ ਤਾਪਮਾਨ 7.6 ਡਿਗਰੀ ਦਰਜ ਹੋਇਆ।
ਮੌਸਮ ਵਿਗਿਆਨ ਕੇਂਦਰ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸ਼ੀਤ ਲਹਿਰ ਦੇ ਨਾਲ-ਨਾਲ ਠੰਢ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ ਵਿੱਚ ਕੋਲਡਵੇਵ ਲਈ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੋਹਾਲੀ ’ਚ ਬਜ਼ੁਰਗ ਔਰਤ ਨਾਲ ਮਾਰੀ 80 ਲੱਖ ਰੁਪਏ ਦੀ ਠੱਗੀ
ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ ਪਹਾੜਾਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਦੇ ਕਾਰਨ ਹੈ। ਪਿਛਲੇ ਦਿਨੀਂ ਪਹਾੜਾਂ ’ਤੇ ਹੋਈ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਲਗਾਤਾਰ ਘਟਦਾ ਰਿਹਾ। ਹਾਲਾਂਕਿ ਹੁਣ ਤਾਪਮਾਨ ਆਮ ਹਾਲਤ ਵਿੱਚ ਆ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਮੁਤਾਬਕ, 16 ਦਸੰਬਰ ਤੋਂ ਰਾਹਤ ਮਿਲਣ ਦੀ ਉਮੀਦ ਹੈ। ਸਵੇਰ ਦੇ ਸਮੇਂ ਦੀ ਠੰਢ ਘੱਟ ਹੋਵੇਗੀ। ਹਾਲਾਂਕਿ ਇਸ ਦੌਰਾਨ ਪੰਜਾਬ-ਚੰਡੀਗੜ੍ਹ ਵਿੱਚ ਮੀਂਹ ਪੈਣ ਦੇ ਆਸਾਰ ਨਹੀਂ ਹਨ, ਜਿਸ ਕਰਕੇ ਆਉਣ ਵਾਲਾ ਇੱਕ ਹਫ਼ਤਾ ਖੁਸ਼ਕ ਰਹਿਣ ਦਾ ਅਨੁਮਾਨ ਹੈ।