ਨਵੀਂ ਦਿੱਲੀ, 15 ਦਸੰਬਰ, ਦੇਸ਼ ਕਲਿੱਕ ਬਿਓਰੋ :
ਟੀਵੀ ਚੈਨਲ ਦੇ ਇਕ ਐਂਕਰ ਵੱਲੋਂ ਗਲਤ ਜਾਣਕਾਰੀ ਦੇਣਾ ਚੈਨਲ ਨੂੰ ਭਾਰੀ ਪੈ ਗਿਆ ਹੈ, ਹੁਣ ਟੀਵੀ ਚੈਨਲ 127.5 ਕਰੋੜ ਰੁਪਏ ਦੇਵੇਗਾ। ਟੀਵੀ ਚੈਨਲ ਏਬੀਸੀ ਨਿਊਜ਼ ਦੇ ਇਕ ਐਂਕਰ ਵੱਲੋਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਸ ਮਾਣਹਾਨੀ ਦੇ ਮਾਮਲੇ ਵਿੱਚ ਹੁਣ ਨਿਊਜ਼ ਚੈਨਲ ਡੋਨਾਲਡ ਟਰੰਪ ਨੂੰ 15 ਮਿਲੀਅਨ ਡਾਲਰ ਦੇਣੇ ਪੈਣਗੇ, ਜੋ ਕੇ ਕਰੀਬ 127.5 ਕਰੋੜ ਰੁਪਏ ਬਣਦੇ ਹਨ। ਚੈਨਲ ਉਤੇ ਜਾਰਜ ਸਟੀਫਨਪੋਲਸ ਨਾਮ ਦੇ ਨਿਊਜ਼ ਐਂਕਰ ਨੇ ਦਾਅਵਾ ਕੀਤਾ ਸੀ ਕਿ ਡੋਨਾਲਡ ਟਰੰਪ ਨੂੰ ਲੇਖਿਕਾ ਈ ਜੀਨ ਕੈਰੋਲ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।
ਏਬੀਸੀ ਨਿਊਜ਼ ਨੇ ਐਡੀਟਰਜ਼ ਨੋਟ ਵਿੱਚ ਲਿਖਿਆ ਕਿ ਸ਼ੈਟਲਮੈਂਟ ਦੇ ਤੌਰ ਉਤੇ ਚੈਨਲ ਡੋਨਾਲਡ ਟਰੰਪ ਨੂੰ ਇਹ ਰਕਮ ਦੇਵੇਗਾ। ਚੈਨਲ ਵੱਲੋਂ ਐਂਕਰ ਦੀ ਗਲਤੀ ਉਤੇ ਖੇਦ ਪ੍ਰਗਟਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 10 ਮਾਰਚ ਨੂੰ ‘ਦ ਵੀਕ’ ਪ੍ਰੋਗਰਾਮ ਦੌਰਾਨ ਐਂਕਰ ਨੇ ਇਹ ਟਿੱਪਣੀ ਕੀਤੀ ਸੀ।
ਜਾਣਕਾਰੀ ਅਨੁਸਾਰ ਮੀਡੀਆ ਨੈਟਵਰਕ 1 ਮਿਲੀਅਨ ਡਾਲਰ ਦੀ ਰਕਮ ਟਰੰਪ ਦੇ ਅਟਾਰਨੀ ਅਲੇਜਾਂਦਰੀ ਦੇ ਲਾਅ ਫਰਮ ਨੂੰ ਦੇਵੇਗਾ। ਖਬਰਾਂ ਮੁਤਾਬਕ ਏਬੀਸੀ ਨਿਊਜ਼ ਜੋ ਵੀ ਰਕਮ ਦੇਵੇਗਾ ਉਸ ਨਾਲ ਇਕ ਲਾਇਬਰੇਰੀ ਬਦਾਈ ਜਾਵੇਗੀ ਜੋ ਕਿ ਗੈਰਲਾਭਕਾਰੀ ਹੋਵੇਗੀ। ਏਬੀਸੀ ਨਿਊਜ਼ ਨੇ ਦੱਸਿਆ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਦੋਵਾਂ ਪਾਰਟੀਆਂ ਵਿੱਚ ਸਮਝੌਤਾ ਹੋ ਗਿਆ। ਇਸ ਨਾਲ ਕੇਸ ਬੰਦ ਹੋ ਜਾਵੇਗਾ।