ਮੋਰਿੰਡਾ: 16 ਦਸੰਬਰ, ਭਟੋਆ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਆਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਧਾਰਮਿਕ ਨਾਟਕ ਜਫਰਨਾਮਾ ( ਫਤਿਹ ਦਾ ਪੱਤਰ) ਦੀ ਪੇਸ਼ਕਾਰੀ ਪੰਜਾਬ ਲੋਕ ਰੰਗ ਕੈਲੀਫੋਰਨੀਆ ਯੂ.ਐਸ.ਏ. ਅਤੇ ਸਤਿਕਾਰ ਰੰਗਮੰਚ ਮੋਹਾਲੀ ਦੇ ਸਾਂਝੇ ਉੱਦਮ ਨਾਲ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਅਤੇ ਜਸਬੀਰ ਗਿੱਲ ਦੀ ਨਿਰਦੇਸ਼ਨਾ ਹੇਠ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਗਈ।
ਸ਼ਾਮ ਸਮੇਂ ਖੇਡੇ ਗਏ ਇਸ ਨਾਟਕ ਨੂੰ ਚੱਲ ਰਹੀ ਤੇਜ਼ ਹਵਾ ਤੇ ਕੜਾਕੇ ਦੀ ਠੰਡ ਦੀ ਪਰਵਾਹ ਨਾ ਕਰਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੇ ਬੱਚਿਆਂ ਸਮੇਤ ਬਹੁਤ ਹੀ ਭਾਵੁਕਤਾ ਨਾਲ ਦੇਖਿਆ। ਨਾਟਕ ਦੇ ਸਮੂਹ ਪਾਤਰਾਂ ਵੱਲੋਂ ਆਪੋ ਆਪਣੇ ਕਿਰਦਾਰ ਦੀ ਜਿੰਮੇਵਾਰੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਾਖੂਬੀ ਨਿਭਾਈ ਗਈ।ਨਾਟਕ ਵਿੱਚ ਬਹੁਤੇ ਦ੍ਰਿਸ਼ ਅਜਿਹੇ ਸਨ ਜਿਹਨਾਂ ਨੂੰ ਦੇਖਦਿਆਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦੇਣ ਦਾ ਦ੍ਰਿਸ਼ ਲੋਕਾਂ ਵੱਲੋਂ ਦੇਖਿਆ ਨਹੀਂ ਜਾ ਰਿਹਾ ਸੀ । ਨਾਟਕ ਦੌਰਾਨ ਨਵਾਬ ਮਲੇਰ ਕੋਟਲਾ ਵੱਲੋ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਅਤੇ ਦੀਵਾਨ ਟੋਡਰ ਮੱਲ ਨੇ ਅਸ਼ਰਫੀਆਂ ਖੜੀਆਂ ਕਰਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਜਮੀਨ ਖਰੀਦਣ ਦੇ ਦ੍ਰਿਸ਼ ਨੇ ਲੋਕਾਂ ਦੇ ਸਾਹ ਰੋਕ ਕੇ ਤੱਕਿਆ।ਇਸ ਨਾਟਕ ਵਿੱਚ ਸ਼ਾਮਿਲ ਪਾਤਰਾਂ ਵੱਲੋਂ ਕੀਤੀ ਗਈ ਪੇਸ਼ਕਾਰੀ ਨੇ ਇੱਕ ਵਾਰ ਸਮੁੱਚੇ ਦਰਸ਼ਕਾਂ ਨੂੰ ਮੁਗਲ ਕਾਲ ਸਮੇਂ ਦੀ ਯਾਦ ਤਾਜਾ ਕਰਵਾ ਦਿੱਤੀ, ਉੱਥੇ ਹੀ ਗੁਰੂ ਸਾਹਿਬ ਵੱਲੋਂ ਲਿਖੇ ਜ਼ਫ਼ਰਨਾਮੇ, ਨੂੰ ਔਰੰਗਜ਼ੇਬ ਦਾ ਕਠੋਰ ਦਿਲ ਵੀ ਸਹਿਣ ਨਹੀ ਕਰ ਸਕਿਆ ਅਤੇ ਆਖਿਰ ਗੁਰੂ ਸਾਹਿਬ ਵੱਲੋ ਲਿਖੇ ਇਸ ਫਤਿਹ ਦੇ ਪੱਤਰ ਨੂੂੰ ਪੂੂੂਰਾ ਪੜਨ ਤੋ ਪਹਿਲਾਂ ਹੀ ਬਿਮਾਰੀ ਕਾਰਨ ਉਸ ਦੀ ਮੌਤ ਹੋ ਜਾਣ ਉਪਰੰਤ ਨਾਟਕ ਦੀ ਸਮਾਪਤੀ ਹੋਈ। ਇਹ ਨਾਟਕ ਇਹ ਸੁਨੇਹਾ ਦੇ ਗਿਆ ਕਿ ਸਾਨੂੰ ਜਬਰ ਤੇ ਜੁਲਮ ਦਾ ਮੁਕਾਬਲਾ ਨਿਰਭੈ ਹੋ ਕੇ ਕਰਨਾ ਚਾਹੀਦਾ ਹੈ। ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਤੇ ਬੱਬੀ ਬਾਦਲ ਨੇ ਕਿਹਾ ਕਿ ਅਜਿਹੇ ਨਾਟਕ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ। ਅਤੇ ਪੰਜਾਬ ਦੇ ਹਰ ਕੋਨੇ ਕੋਨੇ ਵਿੱਚ ਸਾਨੂੰ ਅਜਿਹੇ ਨਾਟਕ ਕਰਾਉਣੇ ਚਾਹੀਦੇ ਹਨ। ਉਧਰ ਇਸ ਨਾਟਕ ਵਿੱਚ ਦਰਦਨਾਕ ਦ੍ਰਿਸ਼ਾਂ ਨੇ ਦਰਸ਼ਕਾਂ ਖਾਸ ਕਰਕੇ ਬੀਬੀਆਂ ਨੂੰ ਹੰਝੂ ਵਹਾਉਣ ਲਈ ਮਜਬੂਰ ਕਰ ਦਿੱਤਾ।
ਇਸ ਨਾਟਕ ਦੇ ਨਿਰਦੇਸ਼ਕ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਤੇ ਨਾਟਕ ਰਾਹੀਂ ਆਉਣ ਵਾਲੀ ਪੀੜੀ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹਾਦਤ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਨਾਟਕ ਦੇਖਣ ਤੋਂ ਬਾਅਦ ਨਾਮ ਅੱਖਾਂ ਨਾਲ ਬਾਹਰ ਆਈਆਂ ਸੰਗਤਾਂ ਦੀ ਭਾਵਕਤਾ ਹੀ ਇਸ ਨਾਟਕ ਦੀ ਸਫਲਤਾ ਹੈ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਇਤਿਹਾਸ ਤੇ ਸਿੱਖ ਯੋਧਿਆਂ ਨਾਲ ਸਬੰਧਤ ਨਾਟਕ ਤਿਆਰ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਰਹੇਗੀ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰ ਸੁੱਖਇੰਦਰ ਸਿੰਘ ਬੱਬੀ ਬਾਦਲ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਸ਼੍ਰੀ ਐਨਪੀ ਰਾਣਾ ਪੰਥਕ ਕਵੀ ਬਲਵੀਰ ਸਿੰਘ ਬੱਲ ਪੰਜਾਬੀ ਅਦਾਕਾਰ ਮਲਕੀਤ ਸਿੰਘ ਰੌਣੀ ਅਤੇ ਚਿੱਤਰਕਾਰ ਹਾਕਮ ਸਿੰਘ ਕਾਂਜਲਾ ਤੇ ਰੰਗ ਮੰਚ ਅਦਾਕਾਰ ਰਾਬਿੰਦਰ ਸਿੰਘ ਰੱਬੀ ਆਦਿ ਨੇ ਵਿਸ਼ੇਸ਼ ਤੌਰ ਤੇ ਇਸ ਨਾਟਕ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਤੇ ਨਾਟਕ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਸ਼੍ਰੀ ਬੱਬੀ ਬਾਦਲ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਪੰਜਾਬ ਲੋਕ ਰੰਗ ਵੱਲੋਂ ਬਾਖੂਬੀ ਕੀਤਾ ਜਾ ਰਿਹਾ ਹੈ, ਉਹਨਾਂ ਕਿਹਾ ਕਿ ਅਜਿਹੇ ਨਾਟਕ ਪੰਜਾਬ ਦੇ ਪਿੰਡ ਪਿੰਡ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਆਪਣੇ ਮਾਣ ਮੱਤੇ ਇਤਿਹਾਸ ਅਤੇ ਵਿਰਾਸਤ ਤੋ ਜਾਣੂ ਕਰਵਾਇਆ ਜਾ ਸਕੇ ।ਉਹਨਾਂ ਕਿਹਾ ਕਿ ਮੋਬਾਇਲ ਕਲਚਰ ਕਾਰਨ ਅਜੋਕੀ ਪੀੜੀ ਆਪਣੀ ਵਿਰਾਸਤ ਅਤੇ ਮਾਣਮੱਤੇ ਇਤਿਹਾਸ ਤੋਂ ਦੂਰ ਅਤੇ ਅਣਜਾਣ ਹੁੰਦੀ ਜਾ ਰਹੀ। ਉਹਨਾਂ ਨੌਜਵਾਨ ਪੀੜੀ ਨੂੰ ਇਸ ਨਾਟਕ ਤੋਂ ਸੇਧ ਲੈ ਕੇ ਆਪਣੀ ਧਾਰਮਿਕ ਵਿਰਾਸਤ ਤੇ ਮਾਣ ਕਰਦੇ ਆਂ ਸਿੱਖ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ। ਇਸ ਸਬੰਧੀ ਗੱਲ ਕਰਦਿਆਂ ਪ੍ਰਸਿੱਧ ਪੰਜਾਬੀ ਅਦਾਕਾਰ ਮਲਕੀਤ ਸਿੰਘ ਰੋਣੀ ਨੇ ਕਿਹਾ ਕਿ ਇਹ ਨਾਟਕ ਜਿੱਥੇ ਵਿਦਿਆਰਥੀਆਂ ਅਤੇ ਨੌਜਵਾਨ ਪੀੜੀ ਲਈ ਪ੍ਰੇਰਨਾਦਾਇਕ ਤੇ ਸਿੱਖਿਆਦਾਇਕ ਹੈ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਬਾਖੂਬੀ ਦਰਸਾਇਆ ਗਿਆ ਹੈ ਸ਼੍ਰੀ ਰੌਣੀ ਨੇ ਕਿਹਾ ਕਿ ਨਾਟਕ ਇੱਕ ਅਜਿਹੀ ਵਿਧੀ ਹਨ ਜਿਨਾਂ ਦੇ ਕਿਰਦਾਰਾਂ ਵੱਲੋਂ ਬੋਲੇ ਗਏ ਸ਼ਬਦ ਬੱਚਿਆਂ ਦੇ ਮਨਾਂ ਤੇ ਗਹਿਰਾ ਅਸਰ ਪਾਉਂਦੇ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਸ੍ਰੀ ਐਨਪੀ ਰਾਣਾ, ਮੰਚ ਕਲਾਕਾਰ ਰਾਵਿੰਦਰ ਸਿੰਘ ਰੱਬੀ ਚਿੱਤਰਕਾਰ ਹਾਕਮ ਸਿੰਘ ਕਾਂਜਲਾ ਪੰਜਾਬੀ ਅਦਾਕਾਰ ਮਲਕੀਤ ਸਿੰਘ ਰੌਣੀ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਕਾਮਰੇਡ ਕਾਕਾ ਰਾਮ ਡਾਕਟਰ ਜੋਗਿੰਦਰ ਸਿੰਘ ਬਾਵਾ ਭਾਰਤ ਭੂਸ਼ਣ ਪੰਥਕ ਕਵੀ ਬਲਬੀਰ ਸਿੰਘ ਬੱਲ ਐਸਐਚ ਓ ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।