ਮੋਹਾਲੀ: 16 ਦਸੰਬਰ, ਜਸਵੀਰ ਗੋਸਲ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬੁਢਲਾਡਾ ਦੇ ਦੌਰੇ ਦੌਰਾਨ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਵਿਤ ਸਕੱਤਰ ਰਾਮਵੀਰ ਸਿੰਘ ਨੇ ਮੁੱਖ ਮੰਤਰੀ ਵੱਲੋ ਦਿੱਤੇ ਬਿਆਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਕੂਲੀ ਸਿੱਖਿਆ ਸੁਧਾਰ ਲਈ ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸਕੂਲ ਮੁਖੀਆਂ ਦੀਆਂ ਖਾਲੀ 850 ਦੇ ਕਰੀਬ ਆਸਾਮੀਆਂ ਭਰਨ ਲਈ 2018 ਦੇ ਨਿਯਮਾਂ ਵਿੱਚ ਸੋਧ ਕਰਕੇ ਪਦਉੱਨਤ ਕਰਨ ਦਾ ਕੋਟਾ ਪਹਿਲਾਂ ਵਾਂਗ ਸੌ ਪ੍ਰਤੀਸ਼ਤ ਕੀਤਾ ਜਾਏ ਤਾਂ ਹੀ ਸਕੂਲ ਮੁਖੀਆਂ ਦੀਆਂ ਆਸਾਮੀਆਂ ਭਰੀਆਂ ਜਾ ਸਕਦੀਆਂ ਹਨ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰ ਕੇ ਕਿਹਾ ਕਿ ਸਾਰੇ ਸਾਇੰਸ ਗਰੁੱਪ ਵਾਲੇ ਸਕੂਲਾਂ ਵਿੱਚ ਖਾਲੀ ਅਸਾਮੀਆਂ ਨੂੰ ਪਹਿਲ ਦੇ ਅਧਾਰ ਤੇ ਪਦਉੱਨਤ ਕਰ ਕੇ ਭਰਿਆ ਜਾਵੇ। ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਫਾਈ ਸੇਵਕਾਂ ਦੀ ਤੈਨਾਤੀ ਯਕੀਨੀ ਬਣਾਇਆ ਜਾਵੇ।
ਸੂਬਾ ਪ੍ਰਧਾਨ ਸੰਜੀਵ ਕੁਮਾਰ, ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 850 ਦੇ ਕਰੀਬ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਪ੍ਰਿੰਸੀਪਲ ਚਲ ਰਹੇ ਹਨ ਜਿਨ੍ਹਾਂ ਦਾ ਪ੍ਰਬੰਧ ਸੀਨੀਅਰ ਲੈਕਚਰਾਰ ਕਰ ਰਹੇ ਹਨ। ਪਰ ਬਹੁਤ ਅਫਸੋਸ ਕਿ 25 ਸਾਲਾ ਤੋਂ ਲੈਕਚਰਾਰ ਦੀ ਸੇਵਾ ਕਰ ਰਹੇ ਬਿਨਾ ਪਦਉੱਨਤੀ ਸੇਵਾਮੁਕਤ ਹੋ ਰਹੇ ਹਨ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਸਿੱਖਿਆ ਮੰਤਰੀ ਤੋਂ ਪੂਰਜ਼ੋਰ ਮੰਗ ਕਰਦੀ ਹੈ ਕਿ 2018 ਦੇ ਸੇਵਾ ਨਿਯਮ ਵਿੱਚ ਸੋਧ ਕਰ ਕੇ ਸੌ ਪ੍ਰਤੀਸ਼ਤ ਪਦਉੱਨਤ ਕੋਟਾ ਕਰ ਕੇ ਪਦਉੱਨਤੀਆਂ ਕੀਤੀਆਂ ਜਾਣ।