ਜਲੰਧਰ: 16 ਦਸੰਬਰ, ਦੇਸ਼ ਕਲਿੱਕ ਬਿਓਰੋ
ਜਲੰਧਰ ‘ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਦੋਵੇਂ ਭੈਣਾਂ ਨਹਾਉਣ ਲਈ ਬਾਥਰੂਮ ਗਈਆਂ ਸਨ। ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਾ ਆਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਦੋਵੇਂ ਭੈਣਾਂ ਅੰਦਰ ਬੇਹੋਸ਼ ਪਈਆਂ ਸਨ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਬਾਹਰ ਕੱਢਿਆ ਗਿਆ। ਦੋਵੇਂ ਕੁੜੀਆਂ ਬੇਹੋਸ਼ ਸਨ ਜਿਸ ਕਾਰਨ ਉਸ ਨੂੰ ਤੁਰੰਤ ਡਾਕਟਰਾਂ ਕੋਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਲੜਕੀਆਂ ਦੀ ਪਛਾਣ ਸ਼ਰਨਜੋਤ ਕੌਰ (10) ਅਤੇ ਪ੍ਰਭਜੋਤ ਕੌਰ (12) ਵਜੋਂ ਹੋਈ ਹੈ। ਪ੍ਰਭਜੋਤ 7ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸ਼ਰਨਜੋਤ ਕੌਰ 5ਵੀਂ ਜਮਾਤ ਦੀ ਸੀ। ਦੋਵੇਂ ਭੋਗਪੁਰ ਕਸਬੇ ਦੇ ਪਿੰਡ ਲਦੋਈ ਮਾਕੀ ਦੇ ਵਸਨੀਕ ਸਨ। ਲੜਕੀਆਂ ਦੀ ਮਾਂ ਦੁਬਈ ‘ਚ ਰਹਿੰਦੀ ਹੈ। ਦੋਵੇਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਭੋਗਪੁਰ ਰਹਿੰਦੀਆਂ ਸਨ। ਅੱਜ ਸਵੇਰੇ ਜਦੋਂ ਦੋਵੇਂ ਨਹਾਉਣ ਲਈ ਬਾਥਰੂਮ ਗਈਆਂ ਤਾਂ ਇਹ ਹਾਦਸਾ ਵਾਪਰ ਗਿਆ।