ਪੰਜਾਬ ਆਉਣ ਵਾਲੇ ਸਮੇਂ ਵਿੱਚ ਖੇਡਾਂ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹੇਗਾ-ਸਪੀਕਰ ਸੰਧਵਾਂ
ਪੰਜਾਬ ਸਰਕਾਰ ਵੱਲੋਂ ਕਾਮਰਸ ਦੀ ਪੜ੍ਹਾਈ ਲਈ ਸਕੂਲ ਨੂੰ 18.45 ਲੱਖ ਰੁਪਏ ਦੀ ਰਾਸ਼ੀ ਜਾਰੀ
ਕੋਟਕਪੂਰਾ 17 ਦਸੰਬਰ, ਦੇਸ਼ ਕਲਿੱਕ ਬਿਓਰੋ
68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਸਰਕਲ ਸਟਾਈਲ ਕਬੱਡੀ ਅੰਡਰ -17 ਲੜਕੇ ਅਤੇ ਲੜਕੀਆਂ ਅੱਜ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਸ਼ਾਨੋ–ਸ਼ੌਕਤ ਨਾਲ ਸ਼ੁਰੂ ਹੋ ਗਈਆਂ ਹਨ। ਜਿੰਨਾ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਖੇਡਾਂ ਦਾ ਰਸਮੀ ਆਗਾਜ਼ ਕੀਤਾ । ਇਸ ਮੌਕੇ ਸਪੀਕਰ ਸ. ਸੰਧਵਾਂ ਦੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਸਕੂਲ ਪੁੱਜ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਖੇਡ ਢਾਂਚਾ ਮਜ਼ਬੂਤ ਕਰਕੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਫਿਰ ਤੋਂ ਨੰਬਰ ਇੱਕ ਸੂਬਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਬਲਾਕ ਤੇ ਜ਼ਿਲ੍ਹਾ ਪੱਧਰੀ ਤੇ ਰਾਜ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਸ਼ੁਰੂ ਕੀਤੇ ਹਨ ਅਤੇ ‘ਖੇਡਾਂ ਵਤਨ ਪੰਜਾਬ ਦੀਆਂ‘ ਸ਼ੁਰੂ ਕਰਕੇ ਖੇਡਾਂ ਨੂੰ ਅਲੱਗ ਮੁਕਾਮ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਖੇਡਾਂ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹੇਗਾ ਤੇ ਅਜਿਹੀਆਂ ਖੇਡਾਂ ਛੋਟੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਵਿੱਚ ਵੀ ਵੱਡੇ ਪਲੇਟਫਾਰਮ ਮੁਹੱਈਆ ਕਰਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਖੇਡਾਂ ਦੀ ਨਰਸਰੀ ਤਿਆਰ ਹੋਵੇਗੀ ਤੇ ਇਹ ਖਿਡਾਰੀ ਰਾਜ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਨਾ ਖੱਟ ਕੇ ਆਪਣਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਉਨ੍ਹਾਂ ਦੱਸਿਆ ਕਿ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪੰਜਾਬ ਸਰਕਾਰ ਵੱਲੋਂ ਕਾਮਰਸ ਵਿਸ਼ੇ ਦੀ ਪੜ੍ਹਾਈ ਚਾਲੂ ਕਰਨ ਲਈ 18.45 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ, ਜਲਦ ਹੀ ਇਸ ਸਕੂਲ ਦੇ ਵਿਦਿਆਰਥੀ ਕਾਮਰਸ ਦੀ ਪੜ੍ਹਾਈ ਕਰ ਸਕਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਇਸ ਸਕੂਲ ਦਾ ਪੀ.ਐਮ ਸ੍ਰੀ ਸਕੂਲਾਂ ਦੀ ਲਿਸਟ ਵਿੱਚ ਵੀ ਨਾਮ ਦਰਜ ਕੀਤਾ ਗਿਆ ਹੈ, ਜਿਸ ਤਹਿਤ ਅੱਗੇ ਵੀ ਕਰੋੜਾਂ ਰੁਪਏ ਦੀ ਰਾਸ਼ੀ ਸਕੂਲ ਦੇ ਵਿਕਾਸ ਲਈ ਆਵੇਗੀ।
ਇਸ ਮੌਕੇ ਜਿਲਾ ਸਿੱਖਿਆ ਅਫਸਰ ਨੀਲਮ ਰਾਣੀ ਨੇ ਦੱਸਿਆ ਕਿ ਪੰਜਾਬ ਅੰਤਰ ਜਿਲਾ ਸਕੂਲ ਟੂਰਨਾਮੈਂਟ ਤਹਿਤ ਸਰਕਲ ਸਟਾਈਲ ਕਬੱਡੀ ਅੰਡਰ -17 ਲੜਕੇ ਅਤੇ ਲੜਕੀਆਂ ਅੱਜ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਕਰਵਾਏ ਜਾ ਰਹੇ ਹਨ। ਇਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਦੇ ਸਕੂਲਾਂ ਤੋਂ ਅੰਡਰ-17 ਲੜਕੇ-ਲੜਕੀਆਂ ਭਾਗ ਲੈ ਰਹੇ ਹਨ। ਜਿੰਨਾਂ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਹੁੰ ਚੁਕਾਈ ਗਈ ਹੈ। ਇਸ ਮੌਕੇ ਸਕੂਲੀ ਬੱਚਿਆ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸ. ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ. ਜਸਬੀਰ ਜੱਸੀ, ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਓੜਾ, ਸ. ਅਮਨਦੀਪ ਸਿੰਘ ਸੰਧੂ, ਸ. ਜਗਤਾਰ ਸਿੰਘ ਜੱਗਾ ਸਰਪੰਚ ਖਾਰਾ, ਸ. ਤਜਿੰਦਰ ਸਿੰਘ ਖਾਰਾ, ਸ੍ਰੀ ਜਸਬੀਰ ਜੱਸੀ , ਸ. ਜਸਵੀਰ ਸਿੰਘ ਗਿੱਲ, ਸ. ਗੁਰਪ੍ਰੀਤ ਸਿੰਘ, ਸ. ਰਾਜਪਾਲ ਸਿੰਘ ਢੁੱਡੀ , ਸ. ਮਨਜੀਤ ਸਿੰਘ, ਸ. ਸੁਖਪਾਲ ਸਿੰਘ ਸ. ਗੁਰਪ੍ਰੀਤ ਸਿੰਘ ਸਰਪੰਚ ਸੰਧਵਾਂ, ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸਕੂਲੀ ਬੱਚੇ ਹਾਜ਼ਰ ਸਨ।