ਚੰਡੀਗੜ੍ਹ, 17 ਦਸੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਨੂੰ ਅਜੇ ਵੀ 20 ਦਸੰਬਰ ਤੱਕ ਠੰਢ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਇਥੇ ਸ਼ੁੱਕਰਵਾਰ ਤੱਕ ਕੋਲਡ ਵੇਵ ਨੂੰ ਲੈਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 11 ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅੱਜ ਪੰਜਾਬ ਵਿੱਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਕੋਲਡ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ, ਪੰਜਾਬ ਦਾ ਤਾਪਮਾਨ ਲਗਾਤਾਰ ਘਟ ਰਿਹਾ ਹੈ ਅਤੇ ਹੋਰ ਜਿਆਦਾ ਠੰਢ ਪੈਣ ਦੀ ਸੰਭਾਵਨਾ ਹੈ। ਫਰੀਦਕੋਟ ਵਿੱਚ ਪਿਛਲੇ ਦਿਨ ਤਾਪਮਾਨ ਲਗਭਗ ਜ਼ੀਰੋ ਦੇ ਨੇੜੇ ਪਹੁੰਚ ਗਿਆ। ਸੋਮਵਾਰ ਸਵੇਰੇ ਇੱਥੇ ਤਾਪਮਾਨ 0.6 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਇੰਸਪੈਕਟਰ 45,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੰਜਾਬ ਵਿੱਚ 18 ਦਸੰਬਰ ਤੋਂ ਬਾਅਦ ਹਲਕੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ 18 ਦਸੰਬਰ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 2 ਡਿਗਰੀ ਤੱਕ ਵਾਧਾ ਦੇਖਣ ਨੂੰ ਮਿਲੇਗਾ, ਜੋ ਠੰਢ ਦੇ ਮੌਸਮ ਵਿੱਚ ਹਲਕੀ ਰਾਹਤ ਲਿਆਵੇਗਾ। ਇਸ ਤੋਂ ਇਲਾਵਾ 20 ਦਸੰਬਰ ਤੋਂ ਬਾਅਦ ਪੰਜਾਬ ਵਿੱਚ ਕੋਲਡ-ਵੇਵ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਵੈਸਟਰਨ ਡਿਸਟਰਬੈਂਸ ਦੇ ਨਾਲ ਨਾਲ ਪਾਕਿਸਤਾਨ ਵਿੱਚ ਜੰਮੂ-ਕਸ਼ਮੀਰ ਦੇ ਨੇੜੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਠੰਢ ਲਗਾਤਾਰ ਬਣੀ ਹੋਈ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਹੋ ਰਹੀ ਹੈ। ਇਸ ਤੋਂ ਇਲਾਵਾ, ਪਹਾੜੀ ਇਲਾਕਿਆਂ ਤੋਂ ਹਵਾਵਾਂ ਦੀ ਹਲਚਲ ਲਗਾਤਾਰ ਮੈਦਾਨੀ ਇਲਾਕਿਆਂ ਵੱਲ ਹੋ ਰਹੀ ਹੈ, ਜੋ ਆਪਣੇ ਨਾਲ ਠੰਢੀਆਂ ਹਵਾਵਾਂ ਲਿਆ ਰਹੀਆਂ ਹਨ।