ਲੁਧਿਆਣਾ, 18 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਲਕਾ ਜਗਰਾਉਂ ਦੇ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਦੇ ਸੀਨਅਰ ਆਗੂ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪਾਰਟੀ ਵੱਲੋਂ ਨਗਰ-ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਗਾਈ ਗਈ ਜ਼ਿੰਮੇਵਾਰੀ ਤਹਿਤ ਲੁਧਿਆਣਾ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਦੀਆਂ ਚੋਣ ਸਰਗਰਮੀਆਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਉਪਰੰਤ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪਾਰਟੀ ਦੇ ਸਮੂਹ ਆਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਨਗਰ-ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਮੂਹ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਸਾਰੇ ਵਲੰਟੀਅਰ ਤੇ ਅਹੁਦੇਦਾਰ ਡੋਰ-ਟੂ-ਡੋਰ ਮੁਹਿੰਮ ਵਿੱਢ ਦੇਣ ਅਤੇ ਲੋਕਾਂ ਨੂੰ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਕਰਨ ਲਈ ਪ੍ਰੇਰਿਤ ਕਰਨ।
ਉਹਨਾਂ ਕਿਹਾ ਕਿ ਇਸ ਵਾਰ ਲੋਕ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੂਰੀ ਤਰਾਂ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦੇਣਗੇ, ਕਿਉਂਕਿ ਪੰਜਾਬ ਅੰਦਰ ਬਣੀ ‘ਆਪ’ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹ ਵਿਕਾਸ ਕਾਰਜ ਕਰ ਵਿਖਾਏ, ਜੋ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਵੀ ਨਾ ਕਰ ਸਕੀਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਕੋਲੇ ਦੀ ਖਾਣ ਲੱਭਕੇ ਚਾਲੂ ਕਰਵਾਈ ਅਤੇ ਪੰਜਾਬ ਵਿੱਚ ਲੋਕਾਂ 600 ਯੂਨਿਟ ਬਿਜਲੀ ਮੁਫਤ ਦਿੱਤੀ, ਕਿਸਾਨੀ ਲਈ ਬਿਜਲੀ ਮੁਆਫ ਹੋਣ ਦੇ ਨਾਲ ਨਾਲ 8 ਘੰਟੇ ਦੀ ਬਜਾਇ 24 ਘੰਟੇ ਤੱਕ ਵੀ ਬਿਜਲੀ ਸਪਲਾਈ ਦਿੱਤੀ, ਬੱਸ ਕਿਰਾਇਆ ਮੁਆਫ਼ ਕੀਤਾ, ਲੋਕਾਂ ਦੀ ਦਫਤਰਾਂ ਵਿੱਚ ਖੱਜਲ-ਖੁਆਰੀ ਖਤਮ ਕਰਕੇ ਘਰ ਬੈਠਿਆਂ ਨੂੰ ‘ਐਪ’ ਜ਼ਰੀਏ ਸੇਵਾਵਾਂ ਪ੍ਰਦਾਨ ਕੀਤੀਆਂ, ਲੰਮੇ ਸਮੇਂ ਤੋਂ ਚੱਲ ਰਹੇ ਟੋਲ-ਪਲਾਜ਼ੇ ਬੰਦ ਕਰਵਾਏ, ਰੇਤ ਮਾਫੀਆ ਨੂੰ ਲਗਾਮ ਲਗਾਈ, ਬੱਸ ਮਾਫੀਆ ਨੂੰ ਲਗਾਮ ਲਗਾਈ, ਪੰਜਾਬ ਦੇ 50 ਹਜ਼ਾਰ ਤੋਂ ਵੀ ਜ਼ਿਆਦਾ ਬੇ-ਰੁਜ਼ਗਾਰ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਕਰੋੜਾਂ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਐਮੀਨੈਂਸ ਖੋਲੇ ਗਏ, ਸਕੂਲ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟਰੇਨਿਗ ਦਿਵਾਈ, ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ, ਅਨੁਸੂਚਿਤ ਜ਼ਾਤੀ ਬੱਚਿਆਂ ਦੀ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਪੁਰਾਣੀਆਂ ਸਰਕਾਰਾਂ ਨਾ ਕਰ ਸਕੀਆਂ।
ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਸਮੂਹ ਅਹੁਦੇਦਾਰ ਤੇ ਵਲੰਟੀਅਰ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਵਾਉਂਦੇ ਹੋਏ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਦਿਨ-ਰਾਤ ਡਟ ਜਾਣ ਅਤੇ ‘ਆਪ’ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਜ਼ਿਲ੍ਹਾ ਯੋਜਨਾਂ ਬੋਰਡ ਲੁਧਿਆਣਾ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਤੇ ਵਲੰਟੀਅਰ ਮੌਜੂਦ ਸਨ।