ਚੰਡੀਗੜ੍ਹ, 18 ਦਸੰਬਰ, ਦੇਸ਼ ਕਲਿੱਕ ਬਿਓਰੋ
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲਾ ਸਲਾਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਆਪਣੇ ਸਫ਼ਰ ਦੇ 21ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਇਸਦਾ ਆਯੋਜਨ 20 ਤੋਂ 24 ਦਸੰਬਰ ਤੱਕ ਪੰਜਾਬ ਕਲਾ ਭਵਨ ਵਿੱਚ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਹੋਵੇਗਾ। ਇਸ ਨਾਟ ਉਤਸਵ ਦਾ ਆਗਾਜ਼ ਸ੍ਰ. ਗੁਰਸ਼ਰਨ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਤੇ ਕਾਲੀਦਾਸ ਸਨਮਾਨ ਮਿਲਣ ’ਤੇ 2004 ਵਿੱਚ ਹੋਇਆ ਸੀ। ਉਸਨੂੰ ਮਿਲਿਆ ਉਤਸ਼ਾਹਜਨਕ ਹੁੰਗਾਰਾ ਹੀ ਸੀ, ਜਿਸਨੇ ਇਸਨੂੰ ਸੁਚੇਤਕ ਰੰਗਮੰਚ ਸਾਲਾਨਾ ਨੂੰ ਆਯੋਜਨ ਬਣਾ ਦਿੱਤਾ ਤੇ ਇਹ ਸਫ਼ਰ ਹਾਲੇ ਤੱਕ ਜਾਰੀ ਹੈ। ਜਦੋਂ 2004 ਸੁਚੇਤਕ ਰੰਗਮੰਚ ਨੇ ਸ੍ਰ. ਗੁਰਸ਼ਰਨ ਸਿੰਘ ਦੇ ਸਨਮਾਨ ਦਾ ਖ਼ਿਆਲ ਸਾਂਝਾ ਕੀਤਾ ਤਾਂ ਤਮਾਮ ਕਲਾਕਾਰਾਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ ਅਤੇ ਡੇਢ ਸੌ ਦੇ ਕਰੀਬ ਕਲਾਕਾਰਾਂ ਨੇ ਜਤਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰਸ਼ਰਨ ਭਾਅ ਜੀ ਦਾ ਸਨਮਾਨ ਕੀਤਾ ਸੀ।
ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਇਹ ਸੁਚੇਤਕ ਰੰਗਮੰਚ ਦਾ 25ਵਾਂ ਸਾਲ ਹੈ ਅਤੇ ਇਸ ਨਾਟ ਉਤਸਵ ਨੂੰ ਖ਼ਾਸ ਬਣਾ ਦੇਣਾ ਚਾਹੁੰਦੇ ਸਾਂ, ਪਰ ਸਾਧਨਾਂ ਦੀ ਕਮੀ ਨੇ ਸਾਡੇ ਹੱਥ ਬੰਨ੍ਹ ਰੱਖੇ ਹਨ। ਸਾਡੇ ਕੋਲ ਕੋਈ ਸਪਾਂਸਰਸ਼ਿਪ ਨਹੀਂ ਹੈ। ਪੰਜਾਬ ਕਲਾ ਪਰਿਸ਼ਦ ਚਾਹ ਕੇ ਵੀ ਚਾਹ ਕੇ ਵੀ ਬਹੁਤਾ ਸਹਿਯੋਗ ਨਹੀਂ ਦੇ ਸਕੀ, ਕਿਉਂਕਿ ਉਸਨੂੰ ਸਰਕਾਰ ਵੱਲੋਂ ਗ੍ਰਾਂਟ ਹੀ ਨਹੀਂ ਮਿਲ ਸਕੀ। ਮਨਿਸਟਰੀ ਆਫ਼ ਕਲਚਰ ਕੋਲ ਅਪਲਾਈ ਕੀਤਾ ਹੈ, ਪਰ ਓਥੋਂ ਵੀ ਗ੍ਰਾਂਟ ਪਾਸ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅਸੀਂ ਆਸ ਵਜੋਂ ਹੀ ਉਸਦਾ ਨਾਂ ਕਾਰਡ ’ਤੇ ਪਾ ਰਹੇ ਹਾਂ। ਇਨ੍ਹਾਂ ਹਾਲਾਤ ਵਿੱਚ ਦਰਸ਼ਕਾਂ ਦਾ ਸਹਿਯੋਗ ਸਾਡਾ ਅਸਲ ਸਹਾਰਾ ਹੈ।
ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਪੰਜ ਦਿਨਾ ਨਾਟ-ਉਤਸਵ ਵਿੱਚ ਪੰਜ ਨਾਟਕ ਹੋਣਗੇ, ਜਿਸਦਾ ਆਗ਼ਾਜ਼ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਅਸਗਰ ਵਜਾਹਤ ਦੇ ਨਾਟਕ ‘ਇੰਨਾ ਦੀ ਆਵਾਜ਼’ ਨਾਲ ਹੋਵੇਗਾ, ਇਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਹੋਵੇਗਾ। ਇਹ ਨਾਟਕ ਇੱਕ ਐਸੇ ਲੋਕ ਗਾਇਕ ਦੀ ਕਹਾਣੀ ਹੈ, ਜਿਸਨੂੰ ਸੱਤਾ ਦਾ ਹਿੱਸਾ ਬਣਕੇ ਆਪਣੇ ਸਾਰੇ ਗੀਤ ਭੁੱਲ ਜਾਂਦੇ ਹਨ। ਇਸ ਤੋਂ ਅਗਲੇ ਦਿਨ 21 ਦਸੰਬਰ ਨੂੰ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ‘ਜਿਸ ਲਾਹੌਰ ਨਹੀਂ ਵੇਖਿਆ’ ਹੋਵੇਗਾ। ਦੇਸ਼ ਦੀ ਵੰਡ ਦੇ ਦਿਨਾਂ ਦਰਦ ਪੇਸ਼ ਕਰਦਾ ਨਾਟਕ ਵੀ ਅਸਗਰ ਵਜਾਹਤ ਦਾ ਹੀ ਲਿਖਿਆ ਹੋਇਆ ਹੈ।
22 ਦਸੰਬਰ ਨੂੰ ਸਾਰਥਕ ਰੰਗਮੰਚ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਤਲਾਕ ਲੈਣ ਲਈ ਅੜੇ ਜੋੜੇ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। 23 ਦਸੰਬਰ ਦਾ ਦਿਨ ਗੁਰਸ਼ਰਨ ਸਿੰਘ ਦੀ ਨਾਟ-ਸ਼ੈਲੀ ਨੂੰ ਸਮਰਪਤ ਹੋਵੇਗਾ। ਇਸ ਦਿਨ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ‘ਗੁਰਸ਼ਰਨ ਸਿੰਘ ਦੇ ਰੰਗ’ ਪੇਸ਼ ਕੀਤੇ ਜਾਣਗੇ। ਇਹ ਟੀਮ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦਿਨੀਂ ਵੱਖ-ਵੱਖ ਥਾਵਾਂ ’ਤੇ ਨੁੱਕੜ ਨਾਟਕ ਵੀ ਖੇਡੇਗੀ।
ਇਸ ਨਾਟ ਉਤਸਵ ਦੇ ਸਿਖ਼ਰਲੇ ਦਿਨ 24 ਦਸੰਬਰ ਨੂੰ ਸੁਚੇਤਕ ਰੰਗਮੰਚ ਵੱਲੋਂ ਡਾ. ਆਤਮਜੀਤ ਦਾ ਨਾਟਕ ‘ਸਾਹਨੀ ਸੱਚ ਕਹਿੰਦਾ ਸੀ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਵੇਗਾ। ਇਹ ਨਾਟਕ ਮਾਤ-ਭਾਸ਼ਾ ਨੂੰ ਸਮਰਪਤ ਹੋਵੇਗਾ, ਜਿਸਨੂੰ ਮਹਾਨ ਲੇਖਕ ਰਾਬਿੰਦਰ ਨਾਥ ਟੈਗੋਰ ਤੇ ਫ਼ਿਲਮ ਅਦਾਕਾਰ ਬਲਰਾਜ ਸਾਹਨੀ ਦੇ ਹਵਾਲੇ ਨਾਲ ਮਾਤ-ਭਾਸ਼ਾ ਦੀ ਲੋੜ ਪ੍ਰਤੀ ਸੁਚੇਤ ਕਰਦੀ ਹੈ।