ਫਰੀਦਕੋਟ 18 ਦਸੰਬਰ 2024, ਦੇਸ਼ ਕਲਿੱਕ ਬਿਓਰੋ
ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ ਤਾਪਮਾਨ ਵੱਧ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰ ਰਹੀ ਹੈ, ਪਰ ਹੁਣ ਮੌਸਮ ਵਿਚ ਆਈ ਤਬਦੀਲੀ ਕਾਰਨ ਸਰਦੀ ਵਧਣ ਦੇ ਨਾਲ ਸੁੰਡੀ ਸੁਸਤ ਹਾਲਤ ਵਿੱਚ ਜਾਣ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਘਟ ਜਾਵੇਗਾ। ਬਲਾਕ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ ਝੋਟੀਵਾਲਾ,ਅਰਾਈਆਂਵਾਲਾ,ਗੋਲੇਵਾਲਾ, ਡੱਲੇਵਾਲ ਅਤੇ ਨੱਥਲਵਾਲਾ ਦਾ ਦੌਰਾ ਕਰਦਿਆਂ ਪਿੰਡ ਡੱਲੇਵਾਲਾ ਵਿਚ ਅਗਾਂਵਧੁ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿਚ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਰਦੀ ਵਧਣ ਕਾਰਨ ਰਾਤ ਦਾ ਤਾਪਮਾਨ ਕਾਫੀ ਘਟ ਗਿਆ ਹੈ ਜਿਸ ਕਾਰਨ ਤਣੇ ਦੀ ਗੁਲਾਬੀ ਸੁੰਡੀ ਸੁਸਤ ਹਾਲਤ ਵਿੱਚ ਜਾ ਰਹੀ ਹੈ ਜਿਸ ਕਾਰਨ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰਨ ਦੀ ਹਾਲਤ ਵਿਚ ਨਹੀਂ ਰਹੀ ਪ੍ਰੰਤੂ ਫਿਰ ਵੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ।
ਉਨਾਂ ਦੱਸਿਆ ਕਿ ਇਸ ਵਾਰ ਮੌਸਮ ਗਰਮ ਰਹਿਣ ਕਾਰਨ ਸੁੰਡੀ ਦਾ ਹਮਲਾ ਵਧੇਰੇ ਦੇਖਿਆ ਗਿਆ ਹੈ ਅਤੇ ਇਹ ਹਮਲਾ ਨਵੰਬਰ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਜਦ ਕਿ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੀ ਗਈ ਕਣਕ ਦੀ ਫ਼ਸਲ ਉੱਪਰ ਸੁੰਡੀ ਦਾ ਹਮਲਾ ਘੱਟ ਦੇਖਣ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ,ਸੁੰਡੀ ਨਾਲ ਪ੍ਰਭਾਵਤ ਕਣਕ ਦਾ ਬੂਟਾ ਵਧੇਰੇ ਸ਼ਾਖਾਵਾਂ ਪੈਦਾ ਕਰ ਰਿਹਾ ਹੈ। ਉਨਾਂ ਕਿਹਾ ਕਿ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਇਸ ਸੁੰਡੀ ਦੇ ਹਮਲੇ ਅਤੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਣਕ ਦੀ ਫ਼ਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਨੇ ਹਮਲੇ ਕਾਰਨ ਕਿਸਾਨਾਂ ਨੂੰ ਘਬਰਾਉਣ ਦੀ ਨਹੀਂ, ਸਗੋਂ ਸਮੇਂ ਇਲਾਜ ਕਰਨ ਦੀ ਜ਼ਰੂਰਤ ਹੈ । ਉਨਾਂ ਕਿਹਾ ਕਿ ਕਣਕ ਦੀ ਫ਼ਸਲ ਦਾ ਪਹਿਲਾ ਪਾਣੀ ਲਾਉਣ ਤੋਂ ਪਹਿਲਾ ਨਿਰੀਖਣ ਕਰਨਾ ਚਾਹੀਦਾ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਤਾਂ ਤੁਰੰਤ ਇਲਾਜ ਕਰਨ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਘਬਰਾਹਟ ਵਿਚ ਕਣਕ ਦੀ ਫ਼ਸਲ ਨੂੰ ਨਹੀਂ ਵਾਹੁਣਾ ਚਾਹੀਦਾ। ਉਨਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ । ਜੇਕਰ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।
ਉਨਾਂ ਕਿਹਾ ਕਿ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ ਨੂੰ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿੱਟਾ ਦੇ ਦਿਉ। ਉਨਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲਿਟਰ ਕਲੋਰਐਂਟਰਾਨਿਲੀਪਰੋਲ 18.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਛਿੜਕਾਅ ਪੰਪ ਵਰਤ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ। ਡਾ. ਰਾਜਵੀਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਵਿਚ ਕੀਤੇ ਸਰਵੇ ਦੌਰਾਨ ਪਾਇਆ ਗਿਆ ਹੈ ਕਿ ਤਣੇ ਦੀ ਗੁਲਾਬੀ ਸੁੰਡੀ ਹਰੇਕ ਤਰ੍ਹਾਂ ਦੀ ਤਕਨਾਲੋਜੀ ਨਾਲ ਬੀਜੀ ਕਣਕ ਦੀ ਫ਼ਸਲ ਵਿਚ ਦੇਖੀ ਗਈ ਹੈ ਜਿਸ ਤੋਂ ਬਚਾਅ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ।
ਉਨਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜ਼ੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ।
ਇਸ ਮੌਕੇ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੁਖਦੀਪ ਸਿੰਘ ,ਹਰਜਿੰਦਰ ਸਿੰਘ ਖੇਤੀ ਉਪ ਨਿਰੀਖਕ, ਬਬਲਪ੍ਰੀਤ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।