ਸੁਚਾਰੂ ਤੇ ਪੂਰਨ ਰੂਪ ਨਾਲ ਬਲੱਡ ਸਪਲਾਈ ਲਈ ਦਿਲ ਦੇ ਵੱਖ-ਵੱਖ ਚੈਂਬਰਾਂ ਚ ਖੂਨ ਦਾ ਦਬਾਅ ਤੇ ਵਹਾਅ ਇੱਕ ਹੱਦ ਤੇ ਇੱਕ ਹੀ ਦਿਸ਼ਾ ਚ ਹੋਣਾ ਲਾਜਮੀ ਹੁੰਦਾ ਹੈ l ਇਸ ਦੇ ਲਈ ਦਿਲ ਚ ਕਪਾਟ (ਵਾਲਵ) ਹੁੰਦੇ ਹਨ l ਇਹਨਾਂ ਵਾਲਵਾਂ ਕਾਰਨ ਹੀ ਦਿਲ ਵਿੱਚ ਤੇ ਦਿਲ ਤੋਂ ਬਾਹਰ ਰਕਤ ਵਹਾਅ ਨਿਸ਼ਚਿਤ ਦਿਸ਼ਾ ਵਿੱਚ ਤੇ ਨਿਸ਼ਚਿਤ ਦਬਾਅ,ਮਾਤਰਾ ਚ ਸਚਾਰੂ ਰੂਪ ਨਾਲ ਹੁੰਦਾ ਹੈ। ਜੇ ਵਾਲਵ ਆਮ ਵਰਗੇ ਨਹੀਂ ਬਲਕਿ ਭੀੜੇ ਹੋ ਜਾਂਦੇ ਹਨ ਤੇ ਪੂਰੀ ਤਰ੍ਹਾਂ ਬੰਦ ਵੀ ਨਹੀਂ ਹੁੰਦੇ ਤਾਂ ਦਿਲ ‘ਚ ਖੂਨ ਇਕੱਠਾ ਹੋ ਸਕਦਾ ਹੈ,ਖੂਨ ਦਾ ਦਬਾਅ ਵਧ ਸਕਦਾ ਹੈ,ਜਿਸ ਕਾਰਨ ਅਨੇਕਾਂ ਕਿਸਮ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ l ਇਹਨਾਂ ਨੂੰ ਹੀ ਵਾਲਵੂਲਰ ਹਾਰਟ ਡਿਸੀਜ਼ ਭਾਵ ਦਿਲ ਦੇ ਕਪਾਟ ਰੋਗ ਕਿਹਾ ਜਾਂਦਾ ਹੈ l
ਡਾ.ਅਜੀਤਪਾਲ ਸਿੰਘ ਐਮ ਡੀ
ਕਿਸ ਤਰ੍ਹਾਂ ਹੁੰਦੇ ਹਨ ਇਹ ਕਪਾਟ ਰੋਗ (ਵਾਲ।ਵੂਲਰ ਹਾਰਟ ਡਿਸੀਜ਼) ?
ਦਿਲ ਦੇ ਸੁੰਗੜਨ/ਧੜਕਣ ਨਾਲ ਸ਼ਰੀਰ ਦੇ ਵੱਖ ਵੱਖ ਅੰਗਾਂ ਨੂੰ ਲੋੜ ਮੁਤਾਬਿਕ ਬਲੱਡ ਦੀ ਸਪਲਾਈ ਹੁੰਦੀ ਹੈ l ਸਾਡਾ ਦਿਲ ਇੱਕ ਮਿੰਟ ਚ 72 ਵਾਰੀ ਜਾਂ ਵੱਧ ਤੋਂ ਵੱਧ 80 ਵਾਰੀ ਭਾਵ ਪੂਰੇ ਦਿਨ ਚ ਇਕ ਲੱਖ 15 ਹਜ਼ਾਰ ਵਾਰੀ ਧੜਕਦਾ ਹੈ ਅਤੇ ਜੀਵਨ ਭਰ ਧੜਕਦਾ ਰਹਿੰਦਾ ਹੈ। ਇਹ ਦਿਲ ਦੇ ਪੱਠਿਆਂ ਤੋਂ ਬਣਿਆ ਖੋਖਲਾ ਅੰਗ ਹੈ l ਦਿਲ ਦੇ ਪੱਠਿਆਂ ਦੇ ਸੁੰਗੜਨ ਕਾਰਨ ਦਿਲ ਤੋਂ ਖੂਨ ਨਿਕਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਜਾਂਦਾ ਹੈ। ਦਿਲ ਦੇ ਪਠਿਆਂ ਨੂੰ ਕੰਮ ਕਰਨ ਲਈ ਖੂਨ ਦੀ ਸਪਲਾਈ ਕੋਰੋਨਰੀ ਧਮਨੀਆਂ ਰਾਹੀਂ ਹੁੰਦੀ ਹੈ।
ਦਿਲ ਦੇ ਦੋ ਹਿੱਸੇ ਹੁੰਦੇ ਹਨ-ਖੱਬਾ ਤੇ ਸੱਜਾ l ਵੱਡੀਆਂ ਸ਼ਿਰਾਵਾਂ ਰਾਹੀਂ ਸਰੀਰ ਦਾ ਅਸ਼ੁੱਧ ਖੂਨ ਸੱਜੇ ਪਾਸੇ ਪੁੱਜਦਾ ਹੈ l ਦਿਲ ਦੇ ਸੱਜੇ ਹਿੱਸੇ ਦੇ ਸੁੰਘੜਣ ਨਾਲ ਖੂਨ ਫੇਫੜਿਆਂ ਦੀਆਂ ਧਮਨੀਆਂ (ਪਲਮੋਨਰੀ ਆਰਟਰੀਆਂ) ਰਾਹੀਂ ਫੇਫੜਿਆਂ ਚ ਪਹੁੰਚਦਾ ਹੈ l ਇੱਥੇ ਇਸ ਚ ਮੌਜੂਦ ਕਾਰਬਨ ਡਾਈਅਕਸਾਈਡ ਨਿਕਲ ਜਾਂਦੀ ਹੈ ਤੇ ਉਥੋਂ ਆਕਸੀਜਨ ਮਿਲ ਜਾਂਦੀ ਹੈ। ਇਹ ਸ਼ੁੱਧ ਖੂਨ ਪਲਮਨਰੀ ਸ਼ਿਰਾਵਾਂ (ਪਲਮਰੀ ਵੇਨਜ਼) ਦੁਆਰਾ ਦਿਲ ਦੇ ਖੱਬੇ ਹਿੱਸੇ ਚ ਤੇ ਫਿਰ ਖੱਬੇ ਹੇਠਲੇ ਹਿੱਸੇ ਵੈਂਟਰੀਕਲ ਚ ਪਹੁੰਚਦਾ ਹੈ l ਖੱਬੇ ਹਿੱਸੇ (ਵੈਂਟਰੀਕਲ) ਦੇ ਸੁੰਗੜਨ ਨਾਲ ਵੱਖ ਵੱਖ ਅੰਗਾਂ ਚ ਪਹੁੰਚਦਾ ਹੈ l ਜਿਸ ਕਰਕੇ ਸ਼ਰੀਰ ਦੇ ਵੱਖ ਵੱਖ ਪੱਠਿਆਂ ਨੂੰ ਆਕਸੀਜਨ ਦੀ ਪੂਰਤੀ ਹੁੰਦੀ ਹੈ ਤੇ ਉਥੋਂ ਕਾਰਬਨ ਡਾਈਆਕਸਾਈਡ ਸਮੇਤ ਹੋਰ ਦੂਸ਼ਿਤ ਤੱਤਾਂ ਉਥੋਂ ਖੂਨ ਵਿੱਚ ਮਿਲ ਜਾਂਦੇ ਹਨ l
ਦਿਲ ਦੇ ਕਪਾਟ (ਵਾਲਵੂਲਰ) ਰੋਗ ਹੁੰਦੇ ਹੀ ਕਿਉਂ ਹਨ ?
ਦਿਲ ਤੇ ਵਾਲਵਾਂ ਚ ਜ਼ਮਾਦਰੂ ਵਿਗਾੜ ਹੋ ਸਕਦਾ ਹੈ ਜਾਂ ਫਿਰ ਜਨਮ ਪਿੱਛੋਂ ਰੁਮੇਟਿਕ ਬੁਖਾਰ,ਹੋਰ ਕੋਈ ਇਨਫੈਕਸ਼ਨ,ਸੱਟ ਲੱਗਣ ਜਾਂ ਹੋਰ ਕਾਰਨਾ ਕਰਕੇ ਵਾਲਵਾਂ ਨੂੰ ਹਰਜਾ ਹੋ ਜਾਂਦਾ ਹੈ l ਵਾਲਵ ਖਰਾਬ ਹੋਣ ਦਾ ਮੁੱਖ ਕਾਰਣ ਰੁਮੈਟਿਕ ਬੁਖਾਰ ਹੈ l ਇਸ ਰੋਗ ਦੀ ਸ਼ੁਰੂਆਤ ਗਲੇ ਵਿੱਚ ਇੱਕ ਵਿਸ਼ੇਸ਼ ਬੈਕਟੀਰੀਆ ਬੀਟਾ ਹਿਮੋਲਿਟਿਕ ਸਟਰੈਪਟੋਕੋਕਸ ਦੀ ਇਨਫੈਕਸ਼ਨ ਕਾਰਨ ਹੁੰਦੀ ਹੈ l ਜਿਸ ਕਾਰਣ ਬੱਚਿਆਂ ਦੇ ਗਲੇ ਚ ਖਾਰਿਸ਼,ਖਾਂਸੀ ਨਾਲ ਹੀ ਇਹਨਾਂ ਦੇ ਸਰੀਰ ਦੀਆਂ ਹੱਡੀਆਂ,ਕੂਹਣੀਆਂ ਆਦਿ ਚ ਦਰਦ ਤੇ ਸੋਜ਼ ਹੋ ਜਾਂਦੀ ਹੈ l ਕੁਝ ਹਫਤਿਆਂ ਚਮਰੀਜ ਨੌਂ ਬਰ ਨੌ ਹੋ ਜਾਂਦੇ ਹਨ,ਜੋੜਾਂ ਚ ਦਰਦ ਤੇ ਖਾਂਸੀ ਖਤਮ ਹੋ ਜਾਂਦੀ ਹੈ ਪਰ ਇਹਨਾਂ ਚ ਇਹ ਅਟੈਕ ਵਾਰ ਵਾਰ ਹੋ ਸਕਦੇ ਹਨ। ਇਹਨਾਂ ਬੈਕਟੀਰੀਆ ਦੇ ਅਸਰ ਨਾਲ, ਸ਼ਰੀਰ ਚ ਐਂਟੀ-ਪ੍ਰੋਟੀਨ ਬਣਦੀ ਹੈ,ਜੋ ਵਾਲਵਾਂ ਦਾ ਨੁਕਸਾਨ ਕਰਦੀ ਹੈ ਤੇ ਪੰਜ ਸੱਤ ਸਾਲ ਪਿੱਛੋਂ ਇਹ ਰੁਮੈਟਿਕ ਦਿਲ ਕਪਾਟ ਰੋਗ ਨਾਲ ਪੀੜਤ ਹੋ ਸਕਦੇ ਹਨ l
ਰੁਮੈਟਿਕ ਹਾਰਟ ਦਿਲ ਦੇ ਰੋਗ ਕਰਨ ਵਾਲਵ ਮੋਟੇ ਹੋ ਕੇ ਇਹਨਾਂ ਦੇ ਹਿੱਸੇ ਆਪਸ ਚ ਮਿਲ ਸਕਦੇ ਹਨ,ਭੀੜੇ ਹੋ ਸਕਦੇ ਹਨ ਜਾਂ ਉਹ ਪੂਰੀ ਤਰ੍ਹਾਂ ਬੰਦ ਹੁੰਦੇ ਹੀ ਨਹੀਂ l ਜਿਸ ਕਰਕੇ ਖੂਨ ਲੀਕ ਹੋ ਸਕਦਾ ਹੈ ਤੇ ਕਪਾਟਾਂ ਦਾ ਰਾਹ ਭੀੜਾ ਹੋ ਜਾਂਦਾ ਹੈ,ਤਾਂ ਦਿਲ ਦੀ ਇੱਕ ਕੋਠੜੀ ਤੋਂ ਦੂਜੀ ਕੋਠੜੀ ਤੱਕ ਖੂਨ ਪਹੁੰਚਣ ਜਾਂ ਦਿਲ ਤੋਂ ਧਮਣੀਆਂ ਚ ਖੂਨ ਪਹੁੰਚਾਉਣ ਚ ਦਿੱਕਤ ਆਉਂਦੀ ਹੈ l ਦਿਲ ਨੂੰ ਬਲੱਡ ਸਪਲਾਈ ਯਕੀਨੀ ਬਣਾਈ ਧੜਕਣਾ ਲਈ ਦਿਲ ਨੂੰ ਵੱਧ ਜ਼ੋਰ ਨਾਲ ਧੜਕਣ//ਸੁੰਗੜਨਾ ਪੈਂਦਾ ਹੈ l ਦਬਾਅ ਵਧਣ ਕਰਕੇ ਦਿਲ ਦਾ ਸਾਈਜ਼ ਵਧ ਜਾਂਦਾ ਹੈ ਤੇ ਫਿਰ ਦਿਲ ਦੇ ਪੱਠੇ ਥੱਕਣ ਲੱਗਦੇ ਹਨ l ਇਸ ਤੋਂ ਅੱਗੇ ਦਿਲ ਫੇਲ੍ਹ (ਹਰਟ ਫੇਲੀਅਰ) ਹੋ ਸਕਦਾ ਹੈ l ਜੇ ਵਲਵ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੇ ਤਾਂ ਖੂਨ ਉਲਟਾ ਮੁੜ ਕੇ ਦਿਲ ਦੀ ਉਸੇ ਕੋਠੜੀ ‘ਚ ਇਕੱਠਾ ਹੋਣ ਲੱਗਦਾ ਹੈ,ਜਿਸ ਨਾਲ ਦਬਾਅ ਵੱਧਦਾ ਹੈ l ਇਹ ਦਬਾਅ ਫੇਫੜਿਆਂ ਜਾਂ ਸ਼ਰੀਰ ਦੀਆਂ ਸਰਾਵਾਂ ਚ ਦਬਾਅ ਵਧਾ ਦਿੰਦਾ ਹੈ l ਜਿਸ ਕਾਰਨ ਵੀ ਦਿਲ ਆਖਰ ਫੇਲ੍ਹ ਹੋਣ ਲਗਦਾ ਹੈ l ਰੁਮੈਟਿਕ ਵਿਕਾਰ ਕਾਰਨ ਇੱਕ ਵਲਵ ਜਾਂ ਇਕੋ ਵੇਲੇ ਕਈ ਵਾਲਵ ਹਰਜੇ ਦੀ ਮਾਰ ਹੇਠ ਆ ਸਕਦੇ ਹਨ l ਉਹ ਭੀੜੇ ਹੋ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਬੰਦ ਵੀ ਨਹੀਂ ਹੁੰਦੇ l ਇਹ ਦੋਨੋਂ ਹਾਲਾਤਾਂ ਇੱਕੋ ਵੇਲੇ ਹੋ ਸਕਦੀਆਂ ਹਨ l
ਦਿਲ ਦੇ ਵਾਲਵ ਦੇ ਰੋਗਾਂ ਦੇ ਕਾਰਨ ਸਮੱਸਿਆਵਾਂ :
ਦਿਲ ਦੇ ਵਾਲਵ ਤੇ ਰੋਗਾਂ ਕਾਰਨ ਸ਼ੁਰੂ ਵਿੱਚ ਵਿਸ਼ੇਸ਼ ਸਮੱਸਿਆਵਾਂ ਨਹੀਂ ਹੁੰਦੀਆਂ l ਸਿਰਫ ਕੰਮ ਕਾਜੀ ਸਮਰੱਥਾ ਵਿੱਚ ਕਮੀ ਹੋ ਸਕਦੀ ਹੈ l ਫਿਰ ਸਮੱਸਿਆਵਾਂ,ਗ੍ਰਸਤ ਵਾਲਵਾਂ ਦਾ ਨੁਕਸਾਨ ਹੋਣ ਅਤੇ ਰੋਗਾਂ ਦੀ ਤੇ ਨਿਰਭਰ ਹੁੰਦੀਆਂ ਹਨ l ਇਹਨਾਂ ਵਿੱਚ ਜੇ ਦਿਲ ਦਾ ਸੱਜਾ ਵਾਲਵ ਫੇਲ੍ਹ ਹੁੰਦਾ ਤਾਂ ਸਰੀਰ ਦੀਆਂ ਸਰਾਵਾਂ ਚ ਉਲਟਾ ਦਬਾਅ ਪੈਣ ਨਾਲ ਸਰੀਰ ਚ ਸੋਜ (ਖਾਸ ਕਰਕੇ ਪੈਰਾਂ ਵਿੱਚ ਸੋਜ) ਆ ਜਾਂਦੀ ਹੈ l ਜਿਗਰ ਦਾ ਸਾਈਜ਼ ਵਧ ਜਾਂਦਾ ਹੈ l ਨਾਲ ਹੀ ਇਹਨਾਂ ਰੋਗੀਆਂ ਦਾ ਸਾਹ ਫੁਲਦਾ ਹੈ l ਸ਼ੁਰੂਆਤ ਚ ਤਾਂ ਮਿਹਨਤ ਕਰਨ ਵੇਲੇ ਸਾਹ ਫੁਲਦਾ ਹੈ l ਫਿਰ ਹੌਲੀ ਹੌਲੀ ਸਮਰੱਥਾ ਘੱਟ ਹੋਣ ਲੱਗਦੀ ਹੈ l ਬਾਅਦ ਚ ਆਰਾਮ ਕਰਨ ਵੇਲੇ ਵੀ ਸਾਹ ਫੁੱਲਣਾ ਫੁਲਣ ਲੱਗਦਾ ਹੈ l ਕੁਝ ਮਰੀਜ਼ਾਂ ਚ ਲੇਟਣ ਨਾਲ ਹਫ਼ਣੀ ਵਧਦੀ ਹੈ ਤੇ ਬੈਠਣ ਨਾਲ ਰਾਹਤ ਮਿਲਦੀ ਹੈ l ਇਹਨਾਂ ਦੀ ਨੀਂਦ ਰਾਤ ਨੂੰ ਖੁੱਲ ਸਕਦੀ ਹੈ l ਬੇਚੈਨੀ ਹੁੰਦੀ ਹੈ ਤੇ ਫਿਰ ਇਹ ਖਿੜਕੀ ਖੋਲ ਕੇ ਸਾਹ ਲੈਣ ਦੀ ਕੋਸ਼ਿਸ਼ ਕਰਦੇ ਹਨ l ਦਿਲ ਦਾ ਸਾਈਜ਼ ਵਧਣ ਨਾਲ ਅਤੇ ਕਸ ਕੇ ਭੀੜਾ ਹੋਣ ਨਾਲ ਇਹਨਾਂ ਨੂੰ ਆਪਣਾ ਦਿਲ ਤੇਜੀ ਨਾਲ ਧੜਕਦਾ ਮਹਿਸੂਸ ਹੁੰਦਾ ਹੈ,ਜਿਸ ਨਾਲ ਬੇਚੈਨੀ ਹੁੰਦੀ ਹੈ ਇਹਨਾਂ ਨੂੰ ਛਾਤੀ ਵਿੱਚ ਦਰਦ ਹੋ ਸਕਦਾ ਹੈ l ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ l ਸਰੀਰ ਨਿਢਾਲ ਰਹਿੰਦਾ ਹੈ, ਚੱਕਰ ਆਉਣੇ ਹੋਣੇ,ਸਿਰ ਘੁਮਣਾ,ਅੱਖਾਂ ਮੂਹਰੇ ਹਨੇਰਾ ਆਉਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ l ਰੁਮੇਟਿਕ ਬੁਖਾਰ ਤੇ ਰਮੈਟਿਕ ਦਿਲ ਦੇ ਰੋਗਾਂ ਦੀ ਸ਼ੁਰੂਆਤ ਬਚਪਨ ਚ ਹੋ ਸਕਦੀ ਹੈ। ਦਿਲ ਰੁਕਣ ਨਾਲ ਮੌਤ ਵੀ ਹੋ ਸਕਦੀ ਹੈ l ਨੁਕਸਾਨ ਦੀ ਮਾਰ ਹੇਠ ਆਏ ਵਾਲਵਾਂ ਚ ਇਨਫੈਕਸ਼ਨ ਆਸਾਨੀ ਨਾਲ ਹੋ ਜਾਂਦੀ ਹੈ l ਜਿਸ ਦੇ ਗੰਭੀਰ/ਘਾਤਕ ਸਿੱਟੇ ਹੋ ਸਕਦੇ ਹਨ l ਇਸ ਦਿਸ਼ਾ ਚ ਖੂਨ ਦਾ ਥੱਕਾ/ਕਲੌਟ ਆਸਾਨੀ ਨਾਲ ਬਣ ਕੇ ਸਰੀਰ ਦੇ ਕਿਸੇ ਹੋਰ ਹਿੱਸੇ ਦੀਆਂ ਧਮਨੀਆਂ ਚ ਪਹੁੰਚ ਕੇ ਰਸਤਾ ਬੰਦ ਕਰਕੇ ਉਹਨਾਂ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇ ਦਿਮਾਗ ਚ ਪਹੁੰਚ ਜਾਂਦਾ ਹੈ ਤਾਂ ਲਕਵਾ ਹੋ ਜਾਂਦਾ ਹੈ l ਫੇਫੜਿਆਂ ਚ ਪਹੁੰਚਣ ਤੇ ਪਲਮਰੀ ਇਮਬੋਲਿਜ਼ਮ ਕਾਰਨ ਮੌਤ ਹੋ ਸਕਦੀ ਹੈ।
ਹੱਲ ਜਾਂ ਇਲਾਜ :
ਦਿਲ ਦੇ ਰੋਗ ਗ੍ਰਸਿਤ ਵਾਲਵਾਂ ਤੇ ਇਸ ਦੇ ਰੂਪ ਦਾ ਪਤਾ ਡਾਕਟਰ ਜਾਂਚ ਕਰਕੇ ਲਾ ਹੀ ਲੈਂਦਾ ਹੈ l ਰੋਗ ਦੀ ਪੁਸ਼ਟੀ ਅਤੇ ਇਸ ਦੀ ਗੰਭੀਰਤਾ ਦਾ ਪਤਾ ਦਿਲ ਦੀ ਈਕੋ ਜਾਂਚ ਨਾਲ ਹੋ ਸਕਦਾ ਹੈ l ਰੋਗ ਦਾ ਇਲਾਜ,ਰੂਪ,ਗੰਭੀਰਤਾ ਤੇ ਲੱਛਣ ਮਰੀਜ਼ ਦੀ ਹਾਲਤ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ l ਇਹਨਾਂ ਦੀ ਹਾਲਤ ਅਨੁਸਾਰ ਸਹਾਇਕ ਇਲਾਜ਼ ਦੀ ਲੋੜ ਤਾਂ ਹੁੰਦੀ ਹੀ ਹੈ l ਜੇ ਵਾਲਵ ਭੀੜੇ ਹੋ ਗਏ ਹਨ ਤਾਂ ਸ਼ਰਾਵਾਂ ਜਾ ਧਮਣੀਆਂ ਚ ਨਲੀ ਰਾਹੀਂ ਬੈਲੂਨ ਪਾ ਕੇ ਇਹਨਾਂ ਦਾ ਭੀੜਪਣ ਦੂਰ ਕੀਤਾ ਜਾਂਦਾ ਹੈ। ਇਸ ਨੂੰ ਵਾਲਵੋਟਮੀ ਕਿਹਾ ਜਾਂਦਾ ਹੈ l ਜਾਂ ਫਿਰ ਲੋੜ ਪੈਣ ਤੇ ਵਾਲਵਾਂ ਨੂੰ ਤਬਦੀਲ ਕੀਤਾ ਜਾਂਦਾ ਹੈ ਭਾਵ ਰੀਪਲੇਸਮੈਂਟ l ਇਸ ਤਰਾਂ ਵਾਲਵ ਲੀਕੇਜ ਹੋਣ ਤੇ ਇਹਨਾਂ ਨੂੰ ਸੁਧਾਰਿਆ ਜਾਂ ਇਹਨਾਂ ਦੀ ਤਬਦੀਲੀ ਕੀਤੀ ਜਾ ਸਕਦੀ ਹੈ l
ਅੱਜ ਕੱਲ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਬਨੌਟੀ ਵਲਵ ਮਿਲਦੇ ਹਨ l ਗਾਂ ਜਾ ਸੂਰ ਦੇ ਮਾਸ ਤੋਂ ਬਣਾਏ ਵਾਲਵ ਸੁਰੱਖਿਅਤ ਹੁੰਦੇ ਹਨ ਪਰ ਉਹਨਾਂ ਨੂੰ 10-15 ਸਾਲਾਂ ਪਿੱਛੋਂ ਫਿਰ ਬਦਲਣਾ ਪੈਂਦਾ ਹੈ, ਜਦ ਕਿ ਧਾਤੂ/ਪਲਾਸਟਿਕ ਦੇ ਬਣੇ ਵਾਲਵ ਜ਼ਿੰਦਗੀ ਪਰ ਕੰਮ ਕਰਦੇ ਹਨ ਪਰ ਇਹਨਾਂ ਨਾਲ ਰਕਤ ਥੱਕਾ (ਬਲੱਡ ਕਲਾਟ) ਬਣਨ ਦਾ ਡਰ ਰਹਿੰਦਾ ਹੀ ਹੈ l ਇਸੇ ਕਰਕੇ ਇਹਨਾਂ ਮਰੀਜ਼ਾਂ ਨੂੰ ਜਿੰਦਗੀ ਭਰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਨੀ ਹੀ ਪੈਂਦੀ ਹੈ l ਨਾਲ ਹੀ ਸਾਵਧਾਨੀਆਂ ਵੀ ਵਰਤਨੀਆਂ ਪੈਂਦੀਆਂ ਹਨ l ਦਿਲ ਦੇ ਆਪਰੇਸ਼ਨ ‘ਚ ਵਿਕਾਸ ਦੇ ਨਾਲ ਦਿਲ ਦੇ ਵਾਲਵ ਨੂੰ ਹਰਜਾ ਪੁੱਜੇ ਮਰੀਜ਼ ਸਮੁਚੇ ਇਲਾਜ ਪਿੱਛੋਂ ਆਮ ਜ਼ਿੰਦਗੀ ਜਿਉਂ ਸਕਦੇ ਹਨ l ਇਹਨਾਂ ਦਾ ਸ਼ਰੀਰਕ,ਮਾਨਸਿਕ ਵਿਕਾਸ ਵੀ ਆਮ ਵਾਂਗ ਹੁੰਦਾ ਹੈ,ਜਦ ਕਿ ਸਰਜਰੀ ਦੇ ਇਲਾਜ ਦੇ ਵਿਕਾਸ ਤੋਂ ਪਹਿਲਾਂ ਇਹਨਾਂ ਮਰੀਜ਼ਾਂ ਦੀ ਹਾਲਤ ਤਰਸਯੋਗ ਹੁੰਦੀ ਸੀ ਅਤੇ ਜਿਆਦਾਤਰ ਮਰੀਜ਼ਾਂ ਦੀ ਮੌਤ ਛੋਟੀ ਉਮਰ ਚ ਹੋ ਸਕਦੀ ਸੀ l
ਵਾਲਵ ਦੀ ਸਰਜਰੀ ਪਿੱਛੋਂ ਦੀਆਂ ਸਾਵਧਾਨੀਆਂ :
ਵਾਲਵ ਦੇ ਰੋਗਾਂ ਦੀ ਸਰਜਰੀ ਹੁਣ ਸੁਰੱਖਿਤ ਹੋ ਗਈ ਹੈ l ਪਰ ਆਪਰੇਸ਼ਨ ਪਿੱਛੋਂ ਵੀ ਮਰੀਜ਼ਾਂ ਨੂੰ ਬਾਕੀ ਬਚਦੀ ਜਿੰਦਗੀ ਚ ਕੁਝ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਹਨ ਜਿਵੇਂ ਕਿ
ਇਹਨਾਂ ਨੂੰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ
ਭੋਜਨ ‘ਚ ਨਮਕ ਤੇ ਤਰਲ ਪਦਾਰਥਾਂ ਦੀ ਵਰਤੋਂ ਘੱਟ ਮਾਤਰਾ ‘ਚ ਕਰੋ l
ਜੇ ਤੁਸੀਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਵਰਤੋ ਕਰਦੇ ਹੋ ਤਾਂ ਦੁਰਘਟਨਾ ਤੋਂ ਬਚਣ ਦੀ ਕੋਸ਼ਿਸ਼ ਕਰੋ l ਆਪਰੇਸ਼ਨ ਕਰਾਉਣ ਤੇ ਦੰਦ ਕਢਾਉਣ ਤੋਂ ਪਹਿਲਾਂ ਡਾਕਟਰ ਨੂੰ ਦੱਸੋ ਕਿ ਤੁਸੀਂ ਇਹ ਦਵਾਈਆਂ ਵਰਤ ਰਹੇ ਹੋ l
ਨਹੁੰ ਕਟਦੇ ਸਮੇਂ ਤੇ ਤੇਜਦਾਰ ਯੰਤਰਾਂ ਦੀ ਵਰਤੋਂ ਕਰਦੇ ਸਮੇਂ ਚੌਕਸ ਰਹੋ l ਨੰਗੇ ਪੈਰੀ ਨਾ ਚਲੋ l
ਰੁਮੈਟਿਕ ਬੁਖਾਰ /ਦਿਲ ਦੇ ਰੋਗਾਂ ਤੋਂ ਬਚਾਅ :
ਬਚਪਨ ਚ ਜੁਕਾਮ,ਗਲੇ ਚ ਖਾਰਿਸ਼ ਆਮ ਇਨਫੈਕਸ਼ਨ ਹੈ l ਜੇ ਇਹ ਇਨਫੈਕਸ਼ਨ ਬੀਟਾ ਹਿਮੋਲਿਟਿਕ ਸਟਰੈਪਟੋਕੋਕਸ ਬੈਕਟੀਰੀਆ ਨਾਲ ਹੁੰਦੀ ਹੈ ਤਾਂ ਇਸ ਨਾਲ ਰੁਮੇਟਿਕ ਬੁਖਾਰ/ਰੁਮੇਟਿਕ ਦਿਲ ਦੇ ਰੋਗ ਹੋ ਸਕਦੇ ਹਨ l ਜਿਸ ਦਾ ਸਿੱਟਾ ਦਿਲ ਦੇ ਵਾਲਵਾਂ ਦੇ ਰੋਗਾਂ ਚ ਨਿਕਲਦਾ ਹੈ l ਗਲੇ ਚ ਇਨਫੈਕਸ਼ਨ ਹੋਣ ਤੇ ਲਾਪਰਵਾਹੀ ਸਹੀ ਨਹੀਂ ਹੈ l ਇਨਫੈਕਸ਼ਨ ਹੋਣ ਤੇ ਪੂਰਾ ਇਲਾਜ ਕਰਵਾਓ l ਜੇ ਗਲੇ ਚ ਇਨਫੈਕਸ਼ਨ ਤੇ ਰਮੈਟਿਕ ਬੁਖਾਰ ਰੁਮੈਟਿਕ ਦਿਲ ਦੇ ਰੋਗਾਂ ਦਾ ਪੂਰਾ ਇਲਾਜ ਕੀਤਾ ਜਾਂਦਾ ਹੈ ਤਾਂ ਦਿਲ ਦੇ ਵਾਲਵਾਂ ਦੇ ਰੋਗ ਨਹੀਂ ਹੁੰਦੇ ਤਾਂ ਬਹੁਤ ਮਮੂਲੀ ਹੁੰਦੇ ਹਨ l ਜੇ ਇੱਕ ਵਾਲਵ ਖਰਾਬ ਹੋ ਜਾਂਦਾ ਹੈ ਤਾਂ ਦੂਜਾ ਵਾਲਵ ਵੀ ਖਰਾਬ ਹੋ ਸਕਦਾ ਹੈ l ਰੁਮੈਟਿਕ ਬੁਖਾਰ ਹੋਣ ਤੇ ਸਾਵਧਾਨੀ ਰੱਖਣਾ ਤੇ ਨਿਯਮਤ ਇਲਾਜ ਕਰਾਉਣਾ ਅਤਤੀ ਜਰੂਰੀ ਹੈ l
ਰੁਮੈਟਿਕ ਵਾਲਵੂਲਰ ਰੋਗ ਆਮ ਹੈ l ਹਾਲਾਂਕਿ ਇਹਨਾਂ ਦਾ ਪ੍ਰਕੋਪ ਘੱਟ ਹੋ ਰਿਹਾ ਹੈ,ਪਰ ਅੱਜ ਵੀ ਲੱਖਾਂ ਬੱਚੇ ਇਹਨਾਂ ਰੋਗਾਂ ਦੀ ਮਾਰ ਹੇਠ ਆ ਜਾਂਦੇ ਹਨ l ਇਸ ਰੋਗ ਦੀ ਸ਼ੁਰੂਆਤ ਗਲੇ ਚ ਮਮੂਲੀ ਇਨਫੈਕਸ਼ਨ ਨਾਲ ਹੁੰਦੀ ਹੈ l ਜੇ ਪੂਰਾ ਸਹੀ ਇਲਾਜ ਕੀਤਾ ਜਾਵੇ ਤਾਂ ਬੱਚੇ ਤੰਦਰੁਸਤ ਹੋ ਜਾਂਦੇ ਹਨ l ਇਸ ਲਈ ਬਚਪਨ ਚ ਗਲਾ ਖਰਾਬ ਹੋਣ, ਫੋੜੇ ਫਿਨਸੀ ਹੋਣ ਵੇਲੇ ਲਾਪਰਵਾਹੀ ਨਾ ਵਰਤੋ l ਇਸ ਨਾਲ ਰੁਮੈਟਿਕ ਬੁਖਾਰ,ਰੁਮੇਟਿਕ ਦਿਲ ਦਾ ਰੋਗ ਤੇ ਰੁਮੇਟਿਕ ਦਿਲ ਦੇ ਵਾਲਵਾਂ ਦੇ ਰੋਗਾਂ ਤੋਂ ਬਚਿਆ ਸਕਦਾ ਹੈ l
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301