ਅਬੋਹਰ, 19 ਦਸੰਬਰ, ਦੇਸ਼ ਕਲਿਕ ਬਿਊਰੋ :
ਅਬੋਹਰ-ਮਲੋਟ ਮਾਰਗ ’ਤੇ ਬੁਧਵਾਰ ਰਾਤ ਨੂੰ ਹੋਏ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਵਕੀਲ ਦੀ ਮੌਤ ਹੋ ਗਈ। ਵਕੀਲ ਦਾ ਕੇਵਲ ਪੰਜ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਜਾਣਕਾਰੀ ਮੁਤਾਬਕ ਪਿੰਡ ਚਨਣਖੇੜਾ ਦੇ ਨਿਵਾਸੀ ਐਡਵੋਕੇਟ ਸੁਜੋਤ ਬਰਾੜ (26) ਦਾ ਪੰਜ ਦਿਨ ਪਹਿਲਾਂ ਹੀ ਪਿੰਡ ਦਲਮੀਰਖੇੜਾ ਦੀ ਇਕ ਲੜਕੀ ਨਾਲ ਸ਼੍ਰੀਗੰਗਾਨਗਰ ਦੇ ਇੱਕ ਪੈਲੇਸ ਵਿੱਚ ਧੂਮਧਾਮ ਨਾਲ ਵਿਆਹ ਹੋਇਆ ਸੀ। ਸੁਜੋਤ ਮਾਰਕੀਟ ਕਮੇਟੀ ਅਬੋਹਰ ਦੇ ਸਾਬਕਾ ਚੇਅਰਮੈਨ ਰਜਿੰਦਰ ਬਰਾੜ ਦਾ ਭਤੀਜਾ ਹੈ।
ਬੁਧਵਾਰ ਰਾਤ ਨੂੰ ਐਡਵੋਕੇਟ ਸੁਜੋਤ ਬਰਾੜ ਆਪਣੀ ਥਾਰ ਗੱਡੀ ਵਿੱਚ ਮਲੋਟ ਰੋਡ ਵੱਲ ਆ ਰਿਹਾ ਸੀ। ਜਦੋਂ ਉਹ ਗੋਬਿੰਦਗੜ੍ਹ ਪੁਲ ਦੇ ਨੇੜੇ ਬੀ.ਆਰ. ਵਿਲਾ ਪੈਲੇਸ ਦੇ ਕੋਲ ਪਹੁੰਚਿਆ, ਤਾਂ ਉਸਦੀ ਥਾਰ ਇੱਕ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਸਪਾਸ ਦੇ ਲੋਕਾਂ ਨੇ ਐਂਬੂਲੈਂਸ ਰਾਹੀਂ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਸਦੀ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕਰ ਦਿੱਤਾ ਗਿਆ। ਪਰਿਵਾਰ ਵਾਲੇ ਉਸਨੂੰ ਬਠਿੰਡਾ ਦੇ ਮੈਕਸ ਹਸਪਤਾਲ ਲੈ ਗਏ, ਜਿਥੇ ਦੇਰ ਰਾਤ ਉਸਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪਿੰਡ ਚਨਣਖੇੜਾ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਅਬੋਹਰ ਦੇ ਵਕੀਲਾਂ ਨੇ ਸ਼ੋਕ ਵਜੋਂ ਕੰਮਕਾਜ ਬੰਦ ਰੱਖਿਆ।