ਨਵੀਂ ਦਿੱਲੀ, 19 ਦਸੰਬਰ, ਦੇਸ਼ ਕਲਿਕ ਬਿਊਰੋ :
ਉੜੀਸਾ ਦੇ ਬਾਲਾਸੋਰ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਸਾਰੰਗੀ ਸੰਸਦ ਦੀਆਂ ਪੌੜੀਆਂ ਤੋਂ ਡਿੱਗ ਪਏ। ਉਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਅਤੇ ਵ੍ਹੀਲਚੇਅਰ ‘ਤੇ ਬਿਠਾ ਕੇ ਇਲਾਜ ਲਈ ਲਿਜਾਇਆ ਗਿਆ। ਸਾਰੰਗੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਮਾਰੇ ਧੱਕੇ ਨਾਲ ਉਹ ਡਿੱਗ ਪਏ।
ਉਨ੍ਹਾਂ ਕਿਹਾ ਕਿ ਰਾਹੁਲ ਨੇ ਕਿਸੇ ਐਮ.ਪੀ. ਨੂੰ ਧੱਕਾ ਮਾਰਿਆ ਤੇ ਉਹ ਉਸ ‘ਤੇ ਡਿੱਗ ਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਸਾਰੰਗੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ ਹੈ।ਖਬਰਾਂ ਮੁਤਾਬਕ ਫਾਰੂਖਾਬਾਦ ਤੋਂ ਭਾਜਪਾ ਸੰਸਦ ਮੁਕੇਸ਼ ਰਾਜਪੂਤ ਨੂੰ ਰਾਹੁਲ ਨੇ ਧੱਕਾ ਦਿੱਤਾ ਅਤੇ ਉਹ ਸਾਰੰਗੀ ‘ਤੇ ਡਿੱਗ ਪਏ। ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ ਅਤੇ ਸੰਸਦ ਦੇ ਮੁੱਖ ਗੇਟ ਮਕਰ ਦੁਆਰ ‘ਤੇ ਇਕੱਠੇ ਹੋਣ ਕਾਰਨ ਉਨ੍ਹਾਂ ਨੂੰ ਸੰਸਦ ਦੇ ਅੰਦਰ ਜਾਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਅਤੇ ਪ੍ਰਿਅੰਕਾ ਨਾਲ ਛੇੜਛਾੜ ਕੀਤੀ।ਇਸ ਦੌਰਾਨ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।