ਆਜ਼ਾਦ ਉਮੀਦਵਾਰ ਦੂਜੇ ਅਤੇ ਆਪ ਉਮੀਦਵਾਰ ਤੀਜੇ ਨੰਬਰ ਤੇ ਰਹੀ
ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਨੂੰ ਮਿਲੀਆ ਸਿਰਫ 15 ਵੋਟਾਂ ਜਮਾਨਤ ਹੋਈ ਜਬਤ
ਮੋਰਿੰਡਾ 21 ਦਸੰਬਰ ਭਟੋਆ
ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 9 ਦੀ ਅੱਜ ਹੋਈ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੀ ਪਿੰਕੀ ਕੌਰ ਪਤਨੀ ਬਲਵੀਰ ਸਿੰਘ ਲਾਲਾ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਤੋਂ 368 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਪਿੰਕੀ ਕੌਰ 552 ਵੋਟਾਂ ਨਾਲ ਇਸ ਇਸ ਵਾਰਡ ਤੋਂ ਜੇਤੂ ਘੋਸ਼ਿਤ ਕੀਤੀ ਗਈ ਹੈ। ਜੋ ਕਿ ਮਰਹੂਮ ਕੌਂਸਲਰ ਜਰਨੈਲ ਕੌਰ ਦੀ ਨੂੰਹ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸਡੀਐਮ ਮੋਰਿੰਡਾ ਕਮ ਰਿਟਰਨਿੰਗ ਅਫਸਰ ਸ੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 9 ਦੀ ਪਹਿਲੀ ਕੌਂਸਲਰ ਜਰਨੈਲ ਕੌਰ ਦੀ ਜੁਲਾਈ 2024 ਵਿੱਚ ਅਚਾਨਕ ਮੌਤ ਹੋ ਜਾਣ ਕਾਰਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਕਰਵਾਈ ਗਈ ਉਪ ਚੋਣ ਵਿੱਚ ਵਾਰਡ ਨੰਬਰ 9 ਤੋਂ ਕੁੱਲ 5 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਉਨਾ ਦੱਸਿਆ ਕਿ ਇਸ ਵਾਰਡ ਦੇ ਕੁੱਲ 1428 ਵੋਟਰ ਹਨ ਚੋਣ ਨਤੀਜੇ ਅਨੁਸਾਰ ਇਸ ਵਾਰਡ ਦੇ ਫੁੱਲ 949 ਵੋਟਰਾਂ ਵੱਲੋਂ ਆਪੋ ਆਪਣੀਆਂ ਵੋਟਾਂ ਪੋਲ ਕੀਤੀਆਂ ਗਈਆਂ ।ਜਿਸ ਅਨੁਸਾਰ ਕਾਂਗਰਸ ਪਾਰਟੀ ਦੀ ਉਮੀਦਵਾਰ 552 ਵੋਟਾਂ ਲੈ ਕੇ ਇਸ ਵਾਰਡ ਤੋਂ ਜੇਤੂ ਐਲਾਨ ਕੀਤੀ ਗਈ ਹੈ ਜਦਕਿ ਆਜ਼ਾਦ ਉਮੀਦਵਾਰ ਜਗਜੀਤ ਕੌਰ ਨੇ 184 ,ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਿੰਦਰ ਕੌਰ ਨੂੰ 131, ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 63 ਅਤੇ ਭਾਰਤੀ ਜਨਤਾ ਪਾਰਟੀ ਦੀ ਬਲਜੀਤ ਕੌਰ ਨੂੰ 15 ਜਦਕਿ ਨੋਟਾ ਨੂੰ 04 ਵੋਟਾਂ ਪਈਆਂ ਹਨ।
ਉਧਰ ਇਸ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਐਸਪੀਐਚ ਰਾਜਪਾਲ ਸਿੰਘ ਹੁੰਦਲ ਅਤੇ ਡੀਐਸਪੀ ਜੇਪੀ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨੇਪਰੇ ਚੜ੍ਹਿਆ। ਉਹਨਾਂ ਦੱਸਿਆ ਕਿ ਇਸ ਮੌਕੇ ਪੁਲਿਸ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੋਲਿੰਗ ਬੂਥ ‘ਤੇ ਪਹੁੰਚੇ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ। ਵੋਟਾਂ ਦੀ ਗਿਣਤੀ ਐਸ.ਡੀ.ਐਮ. ਸ. ਸੁਖਪਾਲ ਸਿੰਘ ਤੇ ਤਹਿਸੀਲਦਾਰ ਸ੍ਰੀ ਪੁਨੀਤ ਬਾਂਸਲ ਦੀ ਹਾਜ਼ਰੀ ਵਿੱਚ ਹੋਈ। ਇਸ ਮੌਕੇ ਐਸ.ਪੀ. ਹੈਡਕੁਆਰਟਰ ਰੂਪਨਗਰ ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਜਤਿੰਦਰਪਾਲ ਸਿੰਘ, ਐਸ ਐਚ ਓ ਸਿਟੀ ਹਰਜਿੰਦਰ ਸਿੰਘ, ਐਸ ਐਚ ਓ ਸਦਰ ਥਾਣਾ ਮੋਰਿੰਡਾ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ। ਉੱਧਰ ਜੇਤੂ ਉਮੀਦਵਾਰ ਪਿੰਕੀ ਕੌਰ ਨੇ ਆਪਣੇ ਸਮਰਥਕਾਂ ਨਾਲ ਸ਼ਾਂਤਮਈ ਤਰੀਕੇ ਨਾਲ ਸ਼ਹਿਰ ਵਿੱਚ ਪੈਦਲ ਮਾਰਚ ਕਰਦਿਆਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਗੁਰਦੁਆਰਾ ਰਵਿਦਾਸ ਭਗਤ ਮੋਰਿੰਡਾ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਵਾਰਡ ਵਾਸੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਜੇਤੂ ਉਮੀਦਵਾਰ ਪਿੰਕੀ ਕੌਰ ਦੇ ਪਤੀ ਠੇਕੇਦਾਰ ਬਲਬੀਰ ਸਿੰਘ ਲਾਲਾ, ਆਪਣੀ ਮਾਤਾ ਸਵਰਗਵਾਸੀ ਕੌਂਸਲਰ ਜਰਨੈਲ ਕੌਰ ਨੂੰ ਯਾਦ ਕਰਕੇ ਭਾਵੁਕ ਹੋਏ। ਵਰਣ ਯੋਗ ਹੈ ਕਿ ਵਾਰਡ ਨੰਬਰ ਨੌ ਤੋਂ ਕੌਂਸਲਰ ਜਰਨੈਲ ਕੌਰ ਦੀ ਮੌਤ ਹੋ ਜਾਣ ਕਾਰਨ ਉਪ ਚੋਣ ਹੋਈ ਸੀ।
Published on: ਦਸੰਬਰ 21, 2024 6:25 ਬਾਃ ਦੁਃ