ਮੋਹਾਲੀ, 21 ਦਸੰਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ‘ਚ 3 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਮੋਹਾਲੀ ਦੇ ਸੋਹਾਣਾ ‘ਚ ਸਥਿਤ ਬਿਲਡਿੰਗ ਦੇ ਨਾਲ ਲੱਗਦੀ ਇਕ ਬਿਲਡਿੰਗ ਦੀ ਬੇਸਮੈਂਟ ‘ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਖੁਦਾਈ ਕਰਦੇ ਸਮੇਂ 3 ਮੰਜ਼ਿਲਾ ਇਮਾਰਤ ਦੀ ਨੀਂਹ ਹਿੱਲ ਗਈ ਅਤੇ ਇਮਾਰਤ ਡਿੱਗ ਗਈ। ਇਸ ਕਾਰਨ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।
ਬਚਾਓ ਕਾਰਜ ਵਿੱਚ ਕਈ ਜੇਬੀਸੀ ਮਸ਼ੀਨਾ, ਪ੍ਰਸ਼ਾਸਨ ਅਤੇ ਲੋਕ ਲੱਗੇ ਹੋਏ ਹਨ। ਬਚਾਓ ਕਾਰਜ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਇਮਾਰਤ ਵਿੱਚ ਜਿੰਮ ਚਲ ਰਿਹਾ ਸੀ। ਜਿਸ ਸਮੇਂ ਇਮਾਰਤ ਢਹਿ ਢੇਰੀ ਹੋਈ ਉਸ ਸਮੇਂ ਵੀ ਜਿਮ ਖੁੱਲ੍ਹੇ ਹੋਣ ਦੀ ਖ਼ਬਰ ਹੈ। ਪ੍ਰੰਤੂ ਅਜੇ ਤੱਕ ਮਲਬੇ ਵਿੱਚ ਦਬੇ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ।
ਇਸ ਘਟਨਾ ਦਾ ਪਤਾ ਚਲਦਿਆਂ ਹੀ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।