ਸੁਖਬੀਰ ਦੇ ਅਸਤੀਫੇ ਬਾਰੇ 10 ਦਿਨ ਦੀ ਮਿਲ ਸਕਦੀ ਹੈ ਮੋਹਲਤ
ਮਾਛੀਵਾੜਾ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਅਕਾਲ ਤਖਤ ਸਾਹਿਬ ਦੇ ਜਥੇਬਦਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਹੀਂ ਨਰਾਜ਼ਗੀ ਦੇ ਵਿਚਕਾਰ ਕੱਲ੍ਹ ਅਕਾਲੀ ਆਗੂਆਂ ਦੀ ਮਾਛੀਵਾੜਾ ਵਿਖੇ ਗੁਰਦੁਆਰੇ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਹੋਈ। ਸਮਝਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਵੱਲੋਂ ਜਥੇਦਾਰ ਦਮਦਮਾ ਸਾਹਿਬ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਅਹੁਦੇ ਤੋਂ ਹਟਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਮੋਹਲਤ ਲੈਣ ਦੇ ਬਾਵਜ਼ੂਦ ਵਰਕਿੰਗ ਕਮੇਟੀ ਨੇ ਅਸਤੀਫੇ ਮਨਜ਼ੂਰ ਕਰਕੇ ਅਕਾਲ ਤਖਤ ‘ਤੇ ਨਾ ਭੇਜਣ ਨੂੰ ਲੈ ਕੇ ਚੱਲ ਰਹੀ ਹੈ। ਜਿੱਥੇ ਜਥੇਦਾਰ ਅਕਾਲ ਤਖਤ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਹਟਾਉਣ ਦੇ ਕੀਤੇ ਫੈਸਲੇ ਨੂੰ ਤਖਤ ਸਾਹਿਬ ਦੇ ਅਧਿਕਾਰਾਂ ’ਚ ਦਖਲ ਅੰਦਾਜ਼ੀ ਸਮਝ ਰਹੇ ਹਨ ਤੇ ਦੂਜੇ ਪਾਸੇ ਅਕਾਲ ਤਖਤ ਵੱਲੋਂ ਅਕਾਲੀ ਆਗੂਆਂ ਨੂੰ ਹੁਕਮਨਾਮੇ ਅਨੁਸਾਰ ਅਸਤੀਫੇ ਨਾ ਦੇਣ ਦੀ ਗੱਲ ਵੀ ਜਥੇਦਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਪਤਾ ਲੱਗਿਆ ਹੈ ਕਿ ਅਕਾਲੀ ਲੀਡਰਾਂ ਜਿੰਨਾਂ ਵਿੱਚ ਵਰਕਿੰਗ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਸ਼ਾਮਲ ਸਨ, ਨੇ ਜਥੇਦਾਰ ਸਾਹਿਬ ਨੂੰ ਕਿਹਾ ਕਿ ਅਕਾਲੀ ਦਲ ਲਈ ਚੋਣ ਕਮਿਸ਼ਨ ਕਦੇ ਵੀ ਇਹ ਸਮੱਸਿਆ ਖੜ੍ਹੀ ਕਰ ਸਕਦਾ ਹੈ ਕਿ ਅਕਾਲੀ ਦਲ ਧਾਰਮਿਕ ਆਦੇਸ਼ਾਂ ਨੂੰ ਮੰਨਣ ਵਾਲੀ ਪਾਰਟੀ ਹੈ ਤੇ ਇਹ ਧਰਮ ਨਿਰਪੱਖ ਨਹੀਂ ਹੈ। ਚੋਣ ਕਮਿਸ਼ਨ ਇਸ ਕਰਕੇ ਅਕਾਲੀ ਦਲ ਦੇ ਚੋਣਾਂ ਲੜਨ ਉਤੇ ਪਾਬੰਦੀ ਲਾ ਸਕਦਾ ਹੈ। ਹਾਲਾਂਕਿ ਅਕਾਲੀ ਨੇਤਾ ਇਹ ਵੀ ਕਹਿ ਰਹੇ ਹਨ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਹਨ। ਮੀਟਿੰਗ ਵਿੱਚ ਅਕਾਲੀ ਨੇਤਾਵਾਂ ਨੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਅਸਤੀਫਿਆਂ ਦਾ ਸਮਾਂ 10 ਦਿਨਾਂ ਲਈ ਹੋਰ ਵਧਾਉਣ ਦੀ ਮੰਗ ਕੀਤੀ ਹੈ ਜੋ ਜਥੇਦਾਰ ਅਕਾਲ ਤਖਤ ਵੱਲੋਂ ਵਧਾ ਦਿੱਤੀ ਦੱਸੀ ਜਾ ਰਹੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 10 ਦਿਨ ਲਈ ਹੋਰ ਟਲ ਗਿਆ ਹੈ।