ਐਸੋਸੀਏਸ਼ਨ ਨੂੰ ਅਖਤਿਆਰੀ ਕੋਟੇ ਵਿਚੋਂ 51 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਕੋਟਕਪੂਰਾ, 22 ਦਸੰਬਰ, ਦੇਸ਼ ਕਿਲਿੱਕ ਬਿਓਰੋ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿਖੇ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਇੰਵੇਟ ਕਰਵਾ ਕੇ ਨੌਜਵਾਨਾ ਨੂੰ ਖੇਡਾਂ ਵਿਚ ਭਾਗ ਲੈਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਲਈ ਆਪਣੇ ਮਾਤਾ-ਪਿਤਾ, ਆਪਣੇ ਜਿਲ੍ਹੇ ਅਤੇ ਆਪਣੀ ਰਾਜ ਦਾ ਨਾਮ ਰੌਸ਼ਨ ਕਰਨ ਦਾ ਇਕ ਬਹੁਤ ਹੀ ਵਧੀਆ ਰਸਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਚ ਧਿਆਨ ਦੇਣ ਨਾਲ ਸਾਡੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਸਿਹਤ ਪੱਖੋਂ ਤੰਦਰੁਸਤ ਰੱਖ ਸਕਦੀ ਹੈ ਅਤੇ ਨਸ਼ਿਆ ਵਰਗੀ ਨਾਮੁਰਾਦ ਬਿਮਾਰੀ ਤੋ ਰਹਿਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਇਕ ਅਜਿਹੀ ਸਚਾਈ ਹੈ, ਜਿਸ ਨਾਲ ਅਸੀਂ ਹਾਰ ਅਤੇ ਜਿੱਤ ਨੂੰ ਬਾਖੂਬੀ ਮਾਣ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਜਿੱਤ ਨੂੰ ਖੁਸ਼ੀਆਂ ਨਾਲ ਮਾਣਦੇ ਹਾਂ ਤਾਂ ਹਾਰ ਵੀ ਸਾਡੀ ਜਿੰਦਗੀ ਦਾ ਇਕ ਅਹਿਮ ਹਿੱਸਾ ਹੈ। ਜੇਕਰ ਅਸੀਂ ਜਿੱਤ ਤੇ ਖੁਸ਼ੀਆਂ ਮਣਾਉਂਦੇ ਹਾਂ ਤਾਂ ਹਾਰ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਅੱਗੇ ਵਧਣ ਅਤੇ ਜਿੱਤ ਦੇ ਲਈ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਅੰਤ ਵਿਚ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿਚੋਂ ਟੇਬਲ ਟੈਨਿਸ ਐਸੋਸੀਏਸ਼ਨ ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਜੇਕਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਫੰਡਾਂ ਦੀ ਜਰੂਰਤ ਹੋਈ ਤਾਂ ਉਹ ਵੀ ਦਿੱਤੇ ਜਾਣਗੇ।
ਇਸ ਉਪਰੰਤ ਸਪੀਕਰ ਸ. ਸੰਧਵਾ ਪਿੰਡ ਹਰੀ ਨੋ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵਿਚ ਨਤਮਸਤਕ ਹੋਏ। ਇਸ ਤੋਂ ਬਾਅਦ ਉਨ੍ਹਾਂ ਮੁਹੱਲਾ ਰਾਮਗੜੀਆਂ ਦੇ ਸਮੂਹ ਨਿਵਾਸੀਆਂ ਵੱਲੋਂ ਸਰਬੱਤ ਦੇ ਭਲੇ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਵਿਚ ਵੀ ਸ਼ਿਰਕਤ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ।
ਇਸ ਮੌਕੇ ਟੇਬਲ ਟੈਨਿਸ ਦੇ ਕੁਆਰਡੀਨੇਟਰ ਕੁਲਵੰਤ ਸਿੰਘ ਚਾਨੀ, ਐਮ ਸੀ ਸਿਮਰਨਜੀਤ ਸਿੰਘ, ਅੰਕੁਸ਼ ਅਸ਼ੋਕਾ, ਬਲਦੇਵ ਸਿੰਘ, ਜਗਸੀਰ ਸੀਰਾ ਅਤੇ ਅਮਿਤ ਸ਼ਰਮਾ ਆਦਿ ਵੀ ਹਾਜਰ ਸਨ।
Published on: ਦਸੰਬਰ 22, 2024 3:45 ਬਾਃ ਦੁਃ