ਚੰਡੀਗੜ੍ਹ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਸ਼ੀਤ ਲਹਿਰ ਤੋਂ ਬਾਅਦ ਹੁਣ ਧੁੰਦ ਨੇ ਮੁਸ਼ਕਲ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। 25 ਦਸੰਬਰ ਤੱਕ ਪੰਜਾਬ ਵਿੱਚ ਧੁੰਦ ਨੂੰ ਲੈਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ 26 ਦਸੰਬਰ ਦੀ ਰਾਤ ਤੋਂ ਪੰਜਾਬ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪਠਾਨਕੋਟ ਦਾ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਦਾ ਤਾਪਮਾਨ ਵਧ ਕੇ ਲਗਭਗ 7 ਡਿਗਰੀ ਤੱਕ ਪਹੁੰਚ ਗਿਆ।
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਨੂੰ ਲੈਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਲਰਟ ਮੁਤਾਬਕ ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਵਿੱਚ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਅੰਦਾਜ਼ਾ ਹੈ ਕਿ ਖੁਲੇ ਖੇਤਰਾਂ ਵਿੱਚ ਇਹ ਧੁੰਦ ਵਧੇਰੇ ਮੁਸ਼ਕਲ ਪੈਦਾ ਕਰੇਗੀ। ਇਸਦੇ ਨਾਲ ਹੀ ਦੁਪਹਿਰ ਦੇ ਸਮੇਂ ਧੂਪ ਨਿਕਲਣ ਦੇ ਆਸਾਰ ਹਨ ਅਤੇ ਤਾਪਮਾਨ ਆਮ ਦੇ ਨੇੜੇ ਹੀ ਰਹੇਗਾ।
ਪੰਜਾਬ ਵਿੱਚ ਸਾਈਕਲੋਨ ਸਰਕੂਲੇਸ਼ਨ ਦੇ ਰੂਪ ਵਿੱਚ ਇਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸੇ ਵੇਲੇ, ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਵੀ ਇੱਕ ਹੋਰ ਚੱਕਰਵਾਤੀ ਸਰਗਰਮੀ ਪੈਦਾ ਹੋ ਰਹੀ ਹੈ। ਜਿਸ ਤੋਂ ਬਾਅਦ ਅੰਦਾਜ਼ਾ ਹੈ ਕਿ ਅੱਜ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਇਸਦੇ ਨਾਲ ਹੀ 26 ਦਸੰਬਰ ਦੀ ਰਾਤ ਤੋਂ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਤੋਂ ਬਾਅਦ 26 ਦਸੰਬਰ ਨੂੰ ਕੁਝ ਸਥਾਨਾਂ ’ਤੇ ਅਤੇ 27 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਬਾਰਿਸ਼ ਹੋਣ ਦੇ ਆਸਾਰ ਹਨ।