ਜਲੰਧਰ ਦੇ ਪੰਜ ਕੌਂਸਲਰਾਂ ਦਾ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦਾ ਮੇਅਰ ਬਣਨਾ ਤੈਅ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਡਾ. ਰਵਜੋਤ ਸਿੰਘ ਅਤੇ ਮੋਹਿੰਦਰ ਭਗਤ ਦੀ ਹਾਜ਼ਰੀ ਵਿਚ ਸਾਰੇ ਪੰਜ ਕੌਂਸਲਰ ‘ਆਪ’ ਵਿਚ ਹੋਏ ਸ਼ਾਮਲ
ਜਲੰਧਰ/ਚੰਡੀਗੜ੍ਹ, 23 ਦਸੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ (ਆਪ) ਲਈ ਜਲੰਧਰ ਨਗਰ ਨਿਗਮ ਦਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੋਮਵਾਰ ਨੂੰ ਕਾਂਗਰਸ, ਭਾਜਪਾ ਅਤੇ ਦੋ ਆਜ਼ਾਦ ਸਮੇਤ ਪੰਜ ਕੌਂਸਲਰ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਵਿੱਚ ਬਹੁਮਤ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ।
ਇਹ ਪੰਜ ਕੌਂਸਲਰ ‘ਆਪ’ ਆਗੂਆਂ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਡਾ. ਰਵਜੋਤ ਸਿੰਘ ਅਤੇ ਮੋਹਿੰਦਰ ਭਗਤ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਹੁਣ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 43 ਕੌਂਸਲਰ ਹੋ ਗਏ ਹਨ ਅਤੇ ਮੇਅਰ ਬਣਨ ਲਈ ਇੰਨੇ ਹੀ ਕੌਂਸਲਰਾਂ ਦੀ ਲੋੜ ਹੁੰਦੀ ਹੈ।
ਜਲੰਧਰ ਦੇ ਵਾਰਡ ਨੰਬਰ 47 ਤੋਂ ਕਾਂਗਰਸੀ ਕੌਂਸਲਰ ਮਨਮੀਤ ਕੌਰ ਅਤੇ ਵਾਰਡ ਨੰਬਰ 65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਪਾਰਟੀ ਵਿੱਚ ਸ਼ਾਮਲ ਹੋ ਗਏ। ਵਾਰਡ ਨੰਬਰ 63 ਤੋਂ ਭਾਜਪਾ ਕੌਂਸਲਰ ਸੁਲੇਖਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਦੋ ਆਜ਼ਾਦ ਕੌਂਸਲਰ- ਵਾਰਡ ਨੰਬਰ 46 ਦੇ ਕੌਂਸਲਰ ਤਰਸੇਮ ਸਿੰਘ ਅਤੇ ਵਾਰਡ ਨੰਬਰ 81 ਤੋਂ ਕੌਂਸਲਰ ਸੀਮਾ ਵੀ ‘ਆਪ’ ਵਿੱਚ ਸ਼ਾਮਲ ਹੋ ਗਏ।
ਸਾਰੇ ਕੌਂਸਲਰਾਂ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਨਿਗਮ ਵਿੱਚ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Published on: ਦਸੰਬਰ 23, 2024 6:10 ਬਾਃ ਦੁਃ