ਚੰਡੀਗੜ੍ਹ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਗਣਤੰਤਰ ਦਿਵਸ ਦੇ ਮੌਕੇ ’ਤੇ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਕਰਤਵ ਪਥ ’ਤੇ ਇਸ ਵਾਰ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ’ਤੇ ਆਧਾਰਿਤ ਝਾਕੀ ਦਿਖਾਈ ਜਾਵੇਗੀ। ਪਿਛਲੀ ਵਾਰ ਪੰਜਾਬ ਦੀ ਝਾਂਕੀ ਰੱਦ ਕਰ ਦਿੱਤੀ ਗਈ ਸੀ। ਇਹ ਝਾਕੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬਲਿਦਾਨ ’ਤੇ ਆਧਾਰਿਤ ਸੀ। ਇਸ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੇ ਵਿਚਕਾਰ ਕਾਫੀ ਵਿਵਾਦ ਹੋਇਆ ਸੀ। ਇਥੋਂ ਤਕ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਇਸ ਕਦਮ ’ਤੇ ਇਤਰਾਜ ਜ਼ਾਹਰ ਕਰਦੇ ਹੋਏ ਵਿਰੋਧ ਕੀਤਾ ਸੀ।
ਸੀਐਮ ਮਾਨ ਨੇ ਪਿਛਲੇ ਸਾਲ ਗਣਤੰਤਰ ਦਿਵਸ ’ਤੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਪੰਜਾਬ ਦੀ ਝਾਕੀ ਨੂੰ ਦਿਖਾਇਆ ਸੀ। ਇਸ ਝਾਂਕੀ ਨੂੰ ਰਾਜ ਦੇ ਹਰ ਜ਼ਿਲੇ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਦਿਖਾਇਆ ਗਿਆ ਸੀ। ਇਸ ਵਾਰ 26 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇਲਾਵਾ ਬਿਹਾਰ, ਦਾਦਰ ਅਤੇ ਨਗਰ ਹਵੇਲੀ, ਗੋਆ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼, ਗੁਜਰਾਤ, ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।
ਇਸ ਵਾਰ ਕੇਂਦਰ ਨੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਹੈ। ਇਹ ਝਾਂਕੀ ਪੰਜਾਬ ਦੀ ਸਭਿਆਚਾਰਕ ਵਿਰਾਸਤ, ਰਵਾਇਤਾਂ ਅਤੇ ਇਤਿਹਾਸਕ ਮਹੱਤਵ ਨੂੰ ਦਰਸਾਵੇਗੀ। ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਸ ਵਾਰ ਪੰਜਾਬ ਦੀ ਝਾਕੀ ਵਿੱਚ ਆਪਣੀ ਜੀਵੰਤ ਅਤੇ ਰੰਗੀਨ ਪੇਸ਼ਕਸ਼ ਦੇ ਨਾਲ ਰਾਜ ਦੀ ਇਤਿਹਾਸਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਥਾਂ ਦਿੱਤੀ ਜਾਵੇਗੀ। ਇਸ ਵਿੱਚ ਸਿੱਖ ਵਿਰਾਸਤ, ਭੰਗੜਾ, ਗਿੱਧਾ, ਖੇਤੀ ਰਵਾਇਤਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਅਤੇ ਭਾਈਚਾਰੇ ਦੇ ਪ੍ਰਤੀਕ ਪੇਸ਼ ਕੀਤੇ ਜਾਣਗੇ।
Published on: ਦਸੰਬਰ 23, 2024 8:01 ਪੂਃ ਦੁਃ