ਚੰਡੀਗੜ੍ਹ: 24 ਦਸੰਬਰ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੀਟਿੰਗ ਲਈ ਦਿੱਲੀ ਬੁਲਾਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਬੁਲਾਇਆ ਗਿਆ ਹੈ ਅਤੇ ਇਹ ਮੀਟਿੰਗ ਸ਼ਾਮ 3 ਵਜੇ ਹੋਣ ਜਾ ਰਹੀ ਹੈ ਜਿਸ ਦੀ ਪੁਸ਼ਟੀ ਪੰਜਾਬ ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਤੋਂ ਜ਼ਾਅਲੀ ਕਾਗਜ਼ਾਂ ਸਹਾਰੇ ਅਮਰੀਕਾ ਗਏ ਡਰੱਗ ਤਸਕਰ ਦਾ ਗੋਲੀਆਂ ਮਾਰ ਕੇ ਕਤਲ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੇ 55 ਫੀਸਦੀ ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ। ਹੋਰ ਪਾਰਟੀਆਂ 30 ਫੀਸਦੀ ਵਾਰਡਾਂ ਤੱਕ ਸਿਮਟ ਗਈਆਂ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੀਟਿੰਗ ਦਾ ਏਜੰਡਾ ਕੀ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਜੋ ਮਸ਼ਾਲ ਦਿੱਲੀ ਤੋਂ ਪੰਜਾਬ ਗਈ ਸੀ। ਪਾਰਟੀ ਨੇ ਉੱਥੇ ਇੱਕ ਤੋਂ ਬਾਅਦ ਇੱਕ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਹੁਣ ਇਹ ਮਸ਼ਾਲ ਮੁੜ ਦਿੱਲੀ ਪਹੁੰਚ ਗਈ ਹੈ। ਹੁਣ ਵਿਧਾਨ ਸਭਾ ਚੋਣਾਂ ਲਈ ਪੂਰੀ ਟੀਮ ਦਿੱਲੀ ‘ਚ ਰਹੇਗੀ।ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਕੱਤਰ ਜਨਰਲ ਸੰਦੀਪ ਪਾਠਕ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਸਮਝਿਆ ਜਾ ਰਿਹਾ ਹੈ ਕਿ ਸੂਬੇ ਦੇ ਵਿਧਾਇਕਾਂ ਦੀ ਵੱਖ ਵੱਖ ਵਿਧਾਨ ਸਭਾ ਹਲਕਿਆਂ , ਕਾਲੌਨੀਆਂ, ਵਾਰਡਾਂ ਵਿਚ ਡਿਊਟੀ ਲਗਾਈ ਜਾਵੇਗੀ। ਆਪ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ ‘ਤੇ ਪਹਿਲਾਂ ਹੀ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ ਤੇ ਚੋਣ ਮੁਹਿੰਮ ਵੀ ਇਕ ਤਰ੍ਹਾਂ ਨਾਲ ਸ਼ੁਰੂ ਕਰ ਦਿੱਤੀ ਹੈ।