ਮੋਰਿੰਡਾ 24 ਦਸੰਬਰ ਭਟੋਆ
ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਤੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਸਫਰ ਏ ਸ਼ਹਾਦਤ ਕਾਫਲਾ ਪੈਦਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਬੜੇ ਜੋਸ਼ ਅਤੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਮੁਗਲ ਹਕੂਮਤ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਇੱਕ ਰਾਤ ਲਈ ਕੈਦ ਰੱਖਣ ਉਪਰੰਤ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਜਿਸ ਰਸਤੇ ਲਿਜਾਇਆ ਗਿਆ ਸੀ, ਉਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੋਂ ਹਰ ਸਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਪੈਦਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਇਸੇ ਲੜੀ ਵਿੱਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਖਾਲਸਾਈ ਬਾਣੇ ਵਿੱਚ ਸਜੇ ਹੋਏ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਸਿੰਘ ਕਰ ਰਹੇ ਸਨ ਜਿਨਾਂ ਦੇ ਪਿੱਛੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਸਨ । ਜਦਕਿ ਨਗਰ ਕੀਰਤਨ ਦੇ ਅੱਗੇ ਵੱਡੀ ਗਿਣਤੀ ਵਿੱਚ ਬੀਬੀਆਂ ਵੱਲੋਂ ਰਸਤੇ ਦੀ ਸਫਾਈ ਦੀ ਸੇਵਾ ਨਿਭਾਈ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਪੁੱਜਾ , ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਸਾਬਕਾ ਮੈਂਬਰ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਤੇ ਕਾਰਜਕਾਰੀ ਪ੍ਰਧਾਨ ਭਾਈ ਸਵਰਨ ਸਿੰਘ ਬਿੱਟੂ, ਹੈਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਵੱਲੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰਕੇ ਸਤਿਕਾਰ ਭੇਂਟ ਕੀਤਾ ਗਿਆ ਉੱਥੇ ਹੀ ਪੰਜ ਪਿਆਰਿਆਂ ਦੇ ਪੰਜ ਨਿਸ਼ਾਨਚੀਆਂ ਨੂੰ ਵੀ ਸਿਰਪਾਓ ਭੇਂਟ ਕੀਤੇ ਗਏ। ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਉਹਨਾਂ ਦੇ ਰਾਜਸੀ ਸਕੱਤਰ ਜਗਤਾਰ ਸਿੰਘ ਘੜੂੰਆਂ ਅਤੇ ਐਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਟੋਨੀ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰਕੇ ਸਿੱਜਦਾ ਕੀਤਾ ਗਿਆ। ਜਿਸ ਉਪਰੰਤ ਇਹ ਨਗਰ ਕੀਰਤਨ ਕਾਈਨੌਰ ਚੌਂਕ ਮੋਰਿੰਡਾ ਤੋਂ ਹੁੰਦਾ ਹੋਇਆ ਸਥਾਨਕ ਟਰੱਕ ਯੂਨੀਅਨ ਅੱਗੇ ਰੁਕਿਆ , ਜਿੱਥੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ ਤੇ ਸਾਥੀਆਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਤੇ ਨਿਸ਼ਾਨਚੀਆਂ ਨੂੰ ਸਿਰਪਾਓ ਭੇਟ ਕੀਤੇ ਗਏ ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੁੱਖ ਮਨੋਰਥ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਤੇ ਗੌਰਵਮਈ ਇਤਿਹਾਸ ਤੋ ਜਾਣੂ ਕਰਵਾ ਕੇ ਸਿੱਖੀ ਨਾਲ ਜੋੜਨਾ ਹੈ, ਇਸੇ ਲਈ ਇਹ ਪੈਦਲ ਨਗਰ ਕੀਰਤਨ ਉਸ ਰਸਤੇ ਰਾਹੀਂ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਿਹਾ ਹੈੈ , ਜਿਸ ਸ਼ਹਾਦਤੀ ਸਫਰ ਤੇ ਚੱਲ ਕੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇ ਸਨ । ਉਹਨਾਂ ਸਮੂਹ ਮਾਪਿਆ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਦਿਨੋ ਦਿਨ ਸਿੱਖੀ ਤੋਂ ਦੂਰ ਹੋ ਰਹੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਸਜਾਏ ਜਾ ਰਹੇ ਨਗਰ ਕੀਰਤਨ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹਨ ਕਿ ਕਿਸ ਤਰ੍ਹਾਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਮੁਗਲ ਹਕੂਮਤ ਦੀ ਈਨ ਨਹੀਂ ਮੰਨੀ ਸਗੋਂ ਜਬਰ ਤੇ ਜ਼ੁਲਮ ਦਾ ਡਟ ਕੇ ਟਾਕਰਾ ਕਰਦਿਆਂ ਸਿੱਖੀ ਦੇ ਝੰਡੇ ਨੂੰ ਬੁਲੰਦ ਕੀਤਾ । ਉਹਨਾਂ ਕਿਹਾ ਕਿ ਜੇਕਰ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਸਜੀਆਂ ਹਨ , ਤਾਂ ਇਹ ਸਿਰਫ ਗੁਰੂ ਸਾਹਿਬ ਚਾਰੋਂ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਕਾਰਨ ਹਨ ਪਰੰਤੂ ਅੱਜ ਸਾਨੂੰ ਆਪਣੇ ਅੰਦਰ ਇਹ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਅਸੀਂ ਗੁਰੂ ਸਾਹਿਬ ਦੇ ਪੁੱਤਰ ਅਖਵਾਉਣ ਦੇ ਯੋਗ ਹਾਂ ਪਿੰਡ ਸਹੇੜੀ ਵਿਖੇ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਣ ਰਹੀ ਸ਼ਹੀਦੀ ਸਮਾਰਕ ਦੇ ਸਾਲ 2006 ਤੋਂ ਹੁਣ ਤੱਕ ਮੁਕੰਮਲ ਨਾ ਹੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਗਿਆਸਪੁਰਾ ਨੇ ਦੱਸਿਆ ਕਿ ਉਹ ਖੁਦ ਵੀ ਅੱਜ ਇਹ ਸਮਾਰਕ ਦੇਖ ਕੇ ਆਏ ਹਨ ਜਿਸ ਦੀ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ ਹੈ ਉਹਨਾਂ ਕਿਹਾ ਕਿ ਸ਼ਹੀਦੀ ਜੋੜ ਮੇਲ ਉਪਰੰਤ ਉਹ ਕੈਬਨਟ ਮੰਤਰੀ ਤਰਨਦੀਪ ਸਿੰਘ ਸੌਂਦ ਨੂੰ ਮਿਲ ਕੇ ਨਿੱਜੀ ਤੌਰ ਤੇ ਇਸ ਸਮਾਰਕ ਨੂੰ ਮੁਕੰਮਲ ਕਰਵਾਉਣ ਲਈ ਕੋਸ਼ਿਸ਼ ਕਰਨਗੇ ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਹੈਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਮਨੈਲੀ ਮੈਨੇਜਰ ਭਾਈ ਦਵਿੰਦਰ ਸਿੰਘ ਕਮੇਟੀ ਮੈਂਬਰ ਹਰਦੀਪ ਸਿੰਘ ਆਨੰਦ ਰਵਿੰਦਰ ਸਿੰਘ ਰਾਜੂ ਮਨਦੀਪ ਸਿੰਘ ਰਾਉਣੀ ਰਾਜਵਿੰਦਰ ਸਿੰਘ ਸਿੱਧੂ ਯੂਥ ਆਗੂ ਧਰਮਿੰਦਰ ਸਿੰਘ ਕੋਟਲੀ ਬਿਕਰਮਜੀਤ ਸਿੰਘ ਜੁਗਨੂ, ਹਰਪ੍ਰੀਤ ਸਿੰਘ ਦਾਤਾਰਪੁਰ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਕੁਲਬੀਰ ਸਿੰਘ ਰਸੂਲਪੁਰ ਹਰਜਿੰਦਰ ਸਿੰਘ ਭੰਗੂ ਪ੍ਰਗਟ ਸਿੰਘ ਰਲੂ ਮਾਜਰਾ ਦਰਸ਼ਨ ਸਿੰਘ ਹਰਬੰਸ ਸਿੰਘ ਸਮਾਨਾ ਭਾਈ ਕੇਸਰ ਸਿੰਘ ਮਨੈਲੀ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ ਨਗਰ ਕੀਰਤਨ ਲਈ ਜਿੱਥੇ ਐਸ ਐਚ ਓ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸਖਤ ਸੁਰੱਖਿਆ ਤੇ ਟਰੈਫਿਕ ਪ੍ਰਬੰਧ ਕੀਤੇ ਹੋਏ ਸਨ ਉੱਥੇ ਹੀ ਖਾਲਸਾ ਬ੍ਰਦਰਸ ਨਤਾਰਪੁਰ ਦੇ ਨੌਜਵਾਨਾਂ ਵੱਲੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ।