ਸ੍ਰੀ ਮੁਕਤਸਰ ਸਾਹਿਬ 24 ਦਸੰਬਰ, ਦੇਸ਼ ਕਲਿੱਕ ਬਿਓਰੋ
ਜਿਲ੍ਹਾ ਸੁਧਾਰ ਘਰ ਸ੍ਰੀ ਮੁਕਤਸਰ ਸਾਹਿਬ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਵਿਚੋਂ ਜੁਵੇਨਾਈਲਾਂ ਦੀ ਪਛਾਣ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਬਣੀ ਕਮੇਟੀ ਵਲੋਂ ਬੀਤੀ ਦਿਨੀ ਦੌਰਾ ਕੀਤਾ ਗਿਆ। ਇਸ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕੋਈ ਵੀ ਅਜਿਹਾ ਬੱਚਾ ਜਿਸਦੀ ਉਮਰ 18 ਸਾਲ ਤੋਂ ਘੱਟ ਹੋਵੇ ਉਹ ਗਲਤੀ ਨਾਲ ਜਿਲ੍ਹਾ ਸੁਧਾਰ ਘਰ ਵਿੱਚ ਨਾ ਹੋਵੇ ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵਲੋਂ ਜਿਲ੍ਹਾ ਸੁਧਾਰ ਘਰ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਉਮਰ ਜਦੋਂ ਉਸਤੇ ਮੁਕੱਦਮਾ ਦਰਜ਼ ਹੋਇਆ ਉਸ ਸਮੇਂ 18 ਸਾਲ ਤੋਂ ਘੱਟ ਸੀ ਤਾਂ ਉਹ ਜੁਵੇਨਾਈਲ ਜਸਟਿਸ ਐਕਟ, 2015 ਅਧੀਨ ਅਪਣੇ ਜੁਵੇਨਾਈਲ ਹੋਣ ਦਾ ਕਲੇਮ ਕਰ ਸਕਦਾ ਹੈ । ਕਿਸੇ ਵਿਅਕਤੀ ਵਲੋਂ ਜੁਵੇਨਾਈਲਟੀ ਕਿਸੇ ਮੁਕਦਮੇ ਦੇ ਅੰਤਿਮ ਫੈਸਲੇ ਤੋਂ ਬਾਅਦ ਵੀ ਕਲੇਮ ਕੀਤੀ ਜਾ ਸਕਦੀ ਹੈ।
ਸ਼੍ਰੀ ਨਵਦੀਪ ਬੇਹਨੀਵਾਲ , ਸੁਪਰਡੈਂਟ ਜਿਲ੍ਹਾ ਸੁਧਾਰ ਘਰ ਵੱਲੋਂ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਹਨਾਂ ਵੱਲੋਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਉਹ ਪਹਿਲਾਂ ਵੀ ਬੱਚਿਆਂ ਨੂੰ ਜੁਵੇਨਾਈਲ ਜਸਟਿਸ ਬੋਰਡ ਰਾਹੀਂ ਜੇਲ੍ਹ ਵਿਚੋਂ ਟਰਾਂਸਫਰ ਕਰਵਾ ਚੁੱਕੇ ਹਨ।
ਇਸ ਦੌਰਾਨ ਸੌਰਵ ਚਾਵਲਾ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਦੱਸਿਆ ਕਿ
ਜੇਕਰ ਕਿਸੇ ਵਿਅਕਤੀ ਨੂੰ ਅਦਾਲਤ ਵੱਲੋਂ ਸਜ਼ਾ ਹੋਈ ਹੈ ਅਤੇ ਉਸਤੋਂ ਬਿਨਾਂ ਉਸਦੇ ਘਰ ਕਮਾਉਣ ਵਾਲਾ ਨਹੀਂ ਹੈ ਤਾਂ ਉਸਦੇ ਬੱਚੇ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿੱਚ ਚੱਲ ਰਹੀ ਸਪਾਂਸਰਸ਼ਿਪ ਐਂਡ ਫੋਸਟਰ ਕੇਅਰ ਸਕੀਮ ਦਾ ਲਾਭ ਲੈ ਸਕਦੇ ਹਨ ਅਤੇ ਜੋ ਵਿਅਕਤੀ ਸਰਕਾਰ ਵੱਲੋਂ ਨਿਰਧਾਰਿਤ ਯੋਗਤਾਵਾਂ ਨੂੰ ਪੂਰਾ ਕਰਦਾ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ ।
ਸ੍ਰੀ ਰਜਿੰਦਰ ਕੁਮਾਰ ਮੈਂਬਰ ਜੁਵੇਨਾਈਲ ਜਸਟਿਸ ਬੋਰਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਜੇਕਰ ਕੋਈ ਜੁਵੇਨਾਈਲ ਹੋਵੇ ਅਤੇ ਵਕੀਲ ਕਰਨ ਵਿੱਚ ਅਸਮਰੱਥ ਹੋਵੇ ਤਾਂ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਹੀਂ ਮੁਫ਼ਤ ਵਕੀਲ ਜਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ।ਇਸ ਮੌਕੇ ਤੇ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਤੋ ਰਜਨੀ ਬਾਲਾ ਇੰਚਾਰਜ ਵੂਮੈਨ ਹੈਲਪ ਡੈਸਕ ਵੀ ਮੌਜੂਦ ਸਨ ।