*ਨੰਨ੍ਹੇ ਬੱਚਿਆਂ ਨੇ ਨਿਭਾਈ ਰਿਬਨ ਕੱਟਣ ਦੀ ਰਸਮ
*ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀਆਂ ਉੱਤਮ ਸਾਧਨ
ਮਾਨਸਾ, 24 ਦਸੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਮਾਨਸਾ ਵਿਖੇ ਬੱਚਿਆਂ ਲਈ ਪੰਜਾਬ ਦੀ ਪਹਿਲੀ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਅਤੇ ਕਲੱਬ ‘ਬਹਾਰ-ਏ-ਖੁਸ਼ੀ’ ਦਾ ਉਦਘਾਟਨ ਕਰਕੇ ਬੱਚਿਆਂ ਦੇ ਸਪੁਰਦ ਕੀਤਾ। ਇਸ ਮੌਕੇ ਨੰਨ੍ਹੇ ਬੱਚਿਆਂ ਨੇ ਲਾਇਬ੍ਰੇਰੀ ਦਾ ਰਿਬਨ ਕੱਟਣ ਦੀ ਰਸਮ ਨਿਭਾਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬੱਚਿਆਂ ਲਈ ਖੁਲ੍ਹਣ ਵਾਲੀ ਸੂਬੇ ਦੀ ਪਹਿਲੀ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਹੈ। ਇਹ ਲਾਇਬ੍ਰੇਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਾਲ ਭਲਾਈ ਕਾਊਂਸਿਲ ਮਾਨਸਾ ਵੱਲੋਂ ਬਾਲ ਭਵਨ ਪਾਰਕ ਦੇ ਨੇੜੇ ਖੋਲ੍ਹੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰਰੀਆਂ ਸਭ ਤੋਂ ਉੱਤਮ ਸਾਧਨ ਹਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਅਤੇ ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਾਇਬ੍ਰੇਰੀ ਅੰਦਰ ਬੱਚਿਆਂ ਦੀ ਸਹੂਲਤ ਲਈ ਚੰਗੀਆਂ ਗਿਆਨ ਵਰਧਕ ਕਿਤਾਬਾਂ, ਆਕਰਸ਼ਕ ਮਾਹੌਲ, ਬੈਠਣ ਲਈ ਵਧੀਆ ਫਰਨੀਚਰ, ਚੈਸ, ਕੈਰਮ ਬੋਰਡ ਵਰਗੀਆਂ ਗੇਮਾਂ ਮੁਹੱਈਆ ਕਰਵਾਈਆਂ ਗਈਆਂ ਹੈ।
ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਲਾਭ ਲੈ ਸਕਣਗੇ ਅਤੇ ਉਨ੍ਹਾਂ ਦੇ ਉਮਰ ਵਰਗ ਦੇ ਅਨੁਸਾਰ ਹੀ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬੱਚਿਆਂ ਲਈ ਹੋਬੀ ਕਲਾਸਾਂ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਇਸ ਲਾਇਬ੍ਰੇਰੀ ਨੂੰ ਵੱਡੇ ਵਿਦਿਆਰਥੀਆਂ ਦੀ ਲਾਇਬ੍ਰੇਰੀ ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਉਹ ਛੋਟੇ ਬੱਚਿਆਂ ਨੂੰ ਆਮ ਗਿਆਨ ਅਤੇ ਹੋਰ ਸਿੱਖਿਆਵਾਂ ਦੇ ਸਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇੱਕ ਵਧੀਆ ਤੇ ਗਿਆਨ ਭਰਪੂਰ ਵਾਤਾਵਰਣ ਨਾਲ ਜੋੜਨ ਲਈ ਬੱਚਿਆਂ ਨੂੰ ਇਸ ਬਹਾਰ-ਏ-ਖੁਸ਼ੀ ਲਾਇਬ੍ਰੇਰੀ ਨਾਲ ਜ਼ਰੂਰ ਜੋੜਨ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸ਼ਰ ਸ਼੍ਰੀਮਤੀ ਤੇਜਿੰਦਰ ਕੌਰ, ਸਕੱਤਰ ਰੈਡ ਕਰਾਸ ਸੋਸਾਇਟੀ ਮੈਡਮ ਦੇਬਅਸ਼ਮਿਤਾ, ਲਾਇਬ੍ਰੇਰੀਅਨ ਗਗਨਦੀਪ ਕੌਰ, ਐਮ.ਏ. ਹਰਪ੍ਰੀਤ ਸਿੰਘ, ਜ਼ਿਲ੍ਹਾ ਨਾਜਰ ਪਰਦੀਪ ਕੁਮਾਰ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।