ਚੰਡੀਗੜ੍ਹ, 24 ਦਸੰਬਰ, ਦੇਸ਼ ਕਲਿਕ ਬਿਊਰੋ :
ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿਚ ਇਕ ਵਾਰ ਫਿਰ ਠੰਢ ਨੇ ਜੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਵਿਚ ਪੰਜਾਬ ਦਾ ਤਾਪਮਾਨ ਘਟ ਗਿਆ ਹੈ। ਇਸੇ ਤਰ੍ਹਾਂ, ਚੰਡੀਗੜ੍ਹ ਦੇ ਤਾਪਮਾਨ ਵਿਚ ਵੀ ਦੀ ਕਮੀ ਹੋਈ। ਸਾਰੇ ਜ਼ਿਲਿਆਂ ਦਾ ਤਾਪਮਾਨ 12 ਤੋਂ 18 ਡਿਗਰੀ ਦੇ ਦਰਮਿਆਨ ਦਰਜ ਕੀਤਾ ਗਿਆ। ਗੁਰਦਾਸਪੁਰ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਰਿਕਾਰਡ ਕੀਤਾ ਗਿਆ।
ਪਿਛਲੇ 24 ਘੰਟਿਆਂ ਵਿਚ ਪਠਾਨਕੋਟ ਵਿਚ 5.4 ਮਿਲੀਮੀਟਰ, ਬਠਿੰਡਾ ਵਿਚ 8.4, ਫਤਿਹਗੜ੍ਹ ਸਾਹਿਬ ਵਿਚ 2.5 ਅਤੇ ਫਿਰੋਜ਼ਪੁਰ ਵਿਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹੋਰ ਕਈ ਸਥਾਨਾਂ ਤੇ ਬੂੰਦਾਬਾਂਦੀ ਤੋਂ ਲੈ ਕੇ 2 ਮਿਲੀਮੀਟਰ ਤਕ ਮੀਂਹ ਪਿਆ। ਹੁਣ ਅਗਲੇ ਦੋ ਦਿਨਾਂ ਲਈ ਮੌਸਮ ਸੁਕਾ ਰਹਿਣ ਦਾ ਅਨੁਮਾਨ ਹੈ ਅਤੇ ਤਾਪਮਾਨ ਘਟੇਗਾ।
ਪੰਜਾਬ ਦੇ 17 ਜ਼ਿਲਿਆਂ ਵਿੱਚ ਕੋਲਡ ਵੇਵ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਖੇਤਰਾਂ ਵਿੱਚ ਸੰਘਣੀ ਧੁੰਦ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਲੁਧਿਆਣਾ ਵਿਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਲੁਧਿਆਣਾ ਵਿੱਚ ਧੁੰਦ ਦੇ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ।
ਦੋ ਦਿਨ ਸੁੱਕੇ ਮੌਸਮ ਤੋਂ ਬਾਅਦ 26 ਦਸੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸਦਾ ਅਸਰ ਉੱਤਰ ਭਾਰਤ ਤੋਂ ਲੈ ਕੇ ਮੱਧ ਭਾਰਤ ਤੱਕ ਦੇਖਣ ਨੂੰ ਮਿਲੇਗਾ। ਇਸ ਗੜਬੜੀ ਕਾਰਨ ਪਹਾੜਾਂ ‘ਚ ਬਰਫਬਾਰੀ ਦੇ ਨਾਲ-ਨਾਲ ਪੰਜਾਬ ਵਿਚ 26 ਤੋਂ 28 ਦਸੰਬਰ ਤੱਕ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, 27 ਦਸੰਬਰ ਨੂੰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਤੇਜ਼ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।