ਚੰਡੀਗੜ੍ਹ, 25 ਦਸੰਬਰ, ਦੇਸ਼ ਕਲਿੱਕ ਬਿਓਰੋ :
ਯੂਪੀ ਪੁਲਿਸ ਨੇ ਅੱਜ ਬੁੱਧਵਾਰ ਨੂੰ ਦੱਸਿਆ ਕਿ ਇੱਕ ਵਾਹਨ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਮੁਠਭੇੜ ਵਿੱਚ ਮਾਰੇ ਗਏ ‘ਖਾਲਿਸਤਾਨ ਜਿੰਦਾਬਾਦ ਫੋਰਸ’ ਦੇ ਤਿੰਨ ਖਾਲਿਸਤਾਨੀਆਂ ਦੀਆਂ ਲਾਸ਼ਾਂ ਨੂੰ ਪੰਜਾਬ ਲੈ ਜਾ ਰਹੀ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਰਾਮਪੁਰ ਬਾਈਪਾਸ ’ਤੇ ਹੋਈ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਐਂਬੂਲੈਂਸ ਨੁਕਸਾਨੀ ਗਈ।ਇਸ ਤੋਂ ਬਾਅਦ ਲਾਸ਼ਾਂ ਨੂੰ ਦੂਜੇ ਵਾਹਨ ‘ਚ ਲਿਜਾਇਆ ਗਿਆ।
ਰਾਮਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਵਿਦਿਆਸਾਗਰ ਮਿਸ਼ਰ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤਿੰਨ ਖਾਲਿਸਤਾਨੀਆਂ ਦੀਆਂ ਲਾਸ਼ਾਂ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਰਾਮਪੁਰ ਬਾਈਪਾਸ ’ਤੇ ਇੱਕ ਅਣਜਾਣ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਮਪੁਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਿੰਨੋਂ ਲਾਸ਼ਾਂ ਨੂੰ ਖਰਾਬ ਹੋਈ ਐਂਬੂਲੈਂਸ ਤੋਂ ਦੂਜੀ ਐਂਬੂਲੈਂਸ ਵਿੱਚ ਰੱਖਿਆ ਗਿਆ।
ਜਿਕਰਯੋਗ ਹੈ ਕਿ ਸੋਮਵਾਰ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਪੀਲੀਭੀਤ ਦੇ ਪੂਰਨਪੁਰ ਵਿੱਚ ਇੱਕ ਮੁਠਭੇੜ ਦੌਰਾਨ, ਗੁਰਦਾਸਪੁਰ ਦੀ ਇੱਕ ਪੁਲਿਸ ਚੌਕੀ ’ਤੇ ਹੋਏ ਗ੍ਰਨੇਡ ਹਮਲੇ ਨਾਲ ਜੁੜੇ ਤਿੰਨ ਖਾਲਿਸਤਾਨੀਆਂ ਨੂੰ ਮਾਰ ਦਿੱਤਾ ਗਿਆ ਸੀ।