ਤਰਨਤਾਰਨ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਤਰਨਤਾਰਨ ਪੁਲਿਸ ਅਤੇ ਗੈਂਗਸਟਰ ਲਖਬੀਰ ਲੰਡਾ ਗੈਂਗ ਦੇ 3 ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਲੰਡਾ ਗਿਰੋਹ ਦੇ ਤਿੰਨ ਮੈਂਬਰਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ। ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ‘ਚ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਪੁਲਿਸ ਨੇ ਹਸਪਤਾਲ ‘ਚ ਦਾਖਲ ਕਰਵਾਇਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਦੇ ਐਸ.ਐਸ.ਪੀ. ਅਭਿਮਨਿਊ ਰਾਣਾ ਵੀ ਮੌਕੇ ‘ਤੇ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ. ਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਥਾਣਾ ਚੋਹਲਾ ਸਾਹਿਬ ਦੇ ਪਿੰਡ ਦੇ ਇਕ ਡਾਕਟਰ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
Published on: ਦਸੰਬਰ 25, 2024 11:12 ਪੂਃ ਦੁਃ