ਮੁੱਖ ਮੰਤਰੀ ਦੀ ਅਗਵਾਈ ‘ਚ ਪੰਜਾਬ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ

ਖੇਡਾਂ ਪੰਜਾਬ

ਪੈਰਿਸ ਉਲੰਪਿਕਸ ਵਿੱਚ ਦੇਸ਼ ਦੇ 100 ਖਿਡਾਰੀਆਂ ਵਿੱਚੋਂ 19 ਇਕੱਲੇ ਪੰਜਾਬ ਦੇ ਖਿਡਾਰੀ

ਪੰਜਾਬ ਦੇ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ

ਚੰਡੀਗੜ੍ਹ, 25 ਦਸੰਬਰ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਉਪਰਾਲਿਆਂ ਸਦਕਾ ਦੇਸ਼ ਭਰ ਵਿੱਚੋਂ ਸਾਲ 2024 ਸੂਬੇ ਦੇ ਨਾਮ ਰਿਹਾ ਹੈ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਜਿਨ੍ਹਾਂ ਕੋਲ ਖੇਡ ਮਹਿਕਮਾ ਵੀ ਹੈ, ਵੱਲੋਂ ਸਾਲ 2023 ਵਿੱਚ ਬਣਾਈ ਨਵੀਂ ਖੇਡ ਨੀਤੀ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰਨ ਨਾਲ ਸਾਲ 2024 ਵਿੱਚ ਇਸ ਨੀਤੀ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਾਲ ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਕੁੱਲ 100 ਖਿਡਾਰੀਆਂ ਵਿੱਚੋਂ 19 ਇਕੱਲੇ ਪੰਜਾਬ ਦੇ ਸਨ। ਇਨ੍ਹਾਂ ਵਿੱਚ 10 ਹਾਕੀ ਖਿਡਾਰੀ, ਛੇ ਨਿਸ਼ਾਨੇਬਾਜ਼ੀ, ਦੋ ਅਥਲੈਟਿਕਸ ਤੇ ਇਕ ਗੌਲਫ ਦੇ ਸਨ। ਇਸ ਤੋਂ ਇਲਾਵਾ ਤਿੰਨ ਪੰਜਾਬੀ ਖਿਡਾਰੀਆਂ ਨੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਇਕ ਪੈਰਾ ਅਥਲੀਟ, ਇਕ ਪੈਰਾ ਬੈਡਮਿੰਟਨ ਖਿਡਾਰਨ ਤੇ ਇਕ ਪੈਰਾ ਪਾਵਰ ਲਿਫਟਰ ਸਨ। ਨਵੀਂ ਖੇਡ ਨੀਤੀ ਤਹਿਤ 22 ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਕੁੱਲ 3.30 ਕਰੋੜ ਰੁਪਏ ਦਿੱਤੇ ਗਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਸਾਲ 2024 ਦੀ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਮੈਡਲ ਜਿੱਤਿਆ। ਇਸ ਵਿੱਚ 8 ਖਿਡਾਰੀ ਪੰਜਾਬ ਦੇ ਸਨ। ਮੁੱਖ ਮੰਤਰੀ ਨੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਪ੍ਰਤੀ ਖਿਡਾਰੀ ਇਕ ਕਰੋੜ ਰੁਪਏ ਦੇ ਇਨਾਮ ਦੇ ਹਿਸਾਬ ਨਾਲ ਕੁੱਲ 8 ਕਰੋੜ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਦੋ ਪੰਜਾਬੀ ਹਾਕੀ ਖਿਡਾਰੀ ਰਿਜ਼ਰਵ ਸਨ ਜਿਨ੍ਹਾਂ ਨੂੰ 15-15 ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਬਾਕੀ 9 ਖਿਡਾਰੀ ਤੇ ਤਿੰਨ ਪੈਰਾ ਖਿਡਾਰੀਆਂ ਨੂੰ ਵੀ ਹਿੱਸਾ ਲੈਣ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਨਾਲ ਸਨਮਾਨਿਤ ਕੀਤਾ ।ਇਸ ਤਰ੍ਹਾਂ ਪੈਰਿਸ ਓਲੰਪਿਕਸ ਤੇ ਪੈਰਾਲੰਪਿਕਸ ਦੇ ਕੁੱਲ 22 ਪੰਜਾਬੀ ਖਿਡਾਰੀਆਂ ਨੂੰ ਤਿਆਰੀ, ਇਨਾਮ ਅਤੇ ਹਿੱਸਾ ਲੈਣ ਦੀ ਰਾਸ਼ੀ ਮਿਲਾ ਕੇ ਕੁੱਲ 13.10 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ 10 ਗੋਲਾਂ ਨਾਲ ਓਲੰਪਿਕਸ ਦਾ ਟਾਪ ਸਕੋਰਰ ਵੀ ਬਣਿਆ ਜਿਸ ਨੇ ਪੰਜਾਬੀਆਂ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ।

ਇਸ ਸਾਲ ਪੰਜਾਬ ਦੇ 11 ਨਾਮੀਂ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ।ਇਨ੍ਹਾਂ ਵਿੱਚ 9 ਹਾਕੀ ਖਿਡਾਰੀਆਂ ਵਿੱਚੋਂ ਚਾਰ ਖਿਡਾਰੀਆਂ ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ ਤੇ ਗੁਰਜੰਟ ਸਿੰਘ ਨੂੰ ਪੀ.ਸੀ.ਐਸ. ਅਤੇ ਪੰਜ ਹਾਕੀ ਖਿਡਾਰੀਆਂ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਤੇ ਵਰੁਣ ਕੁਮਾਰ ਅਤੇ ਇੱਕ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਇੱਕ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਲਗਾਇਆ ਗਿਆ।

ਮੁੱਖ ਮੰਤਰੀ ਨੇ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ। ਇਸ ਨੀਤੀ ਤਹਿਤ ਬਿਹਤਰ ਕੋਚਿੰਗ, ਖੇਡ ਸਮਾਨ ਅਤੇ ਰਿਫਰੈਸ਼ਮੈਂਟ ਵਾਲੀਆਂ ਕਲੱਸਟਰ ਪੱਧਰ ਦੀਆਂ 1000 ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾਣੀਆਂ ਹਨ। ਸਾਲ 2024 ਵਿੱਚ ਪਹਿਲੇ ਪੜਾਅ ਵਿੱਚ 260 ਨਰਸਰੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਜੋ ਛੇਤੀ ਅਮਲ ਵਿੱਚ ਹੋਣਗੀਆਂ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੱਤਾ ਜਾ ਸਕੇ। ਸਾਲ 2024 ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਤੀਜਾ ਸੀਜ਼ਨ ਸਫਲਤਾਪੂਰਵਕ ਕਰਵਾਇਆ ਗਿਆ ਜਿਸ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀਆਂ ਨੇ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਨੇ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਕਿ ਹਰੇਕ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ।

Published on: ਦਸੰਬਰ 25, 2024 6:43 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।