ਅੰਮ੍ਰਿਤਸਰ: 25 ਦਸੰਬਰ, ਦੇਸ਼ ਕਲਿੱਕ ਬਿਓਰੋ
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲਣ ਮਾਮਲੇ ‘ਚ ਪੰਜ ਪਿਆਰਿਆਂ ਅੱਗੇ ਪੇਸ਼ ਹੋਣ ਲਈ ਪਹੁੰਚੇ ਸਨ। ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੌਰਾਨ ਪੰਜਾਂ ਪਿਆਰਿਆਂ ਵੱਲੋਂ ਸ. ਹਰਜਿੰਦਰ ਸਿੰਘ ਧਾਮੀ ਨੂੰ ਇੱਕ ਘੰਟੇ ਤੱਕ ਜੋੜੇ ਸਾਫ ਕਰਨ ਅਤੇ ਭਾਂਡੇ ਮਾਂਜਣ ਦੀ ਧਾਰਮਿਕ ਸਜ਼ਾ ਸੁਣਾਈ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਜਪੁਜੀ ਸਾਹਿਬ ਦੇ ਪਾਠ ਕਰਕੇ ਅਤੇ ਫਿਰ ਅਕਾਲ ਤਖਤ ਸਾਹਿਬ ਤੇ ਦੇਗ ਕਰਾ ਕੇ ਅਰਦਾਸ ਕਰਵਾਈ ਜਾਵੇਗੀ ।
ਜ਼ਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਸੇ ਨਾਲ ਫੋਨ ਤੇ ਗੱਲਬਾਤ ਦੌਰਾਨ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ। ਇਹ ਮਾਮਲਾ ਲਗਾਤਾਰ ਗਰਮਾ ਰਿਹਾ ਸੀ ਭਾਵੇਂ ਕਿ ਐਸਜੀਪੀਸੀ ਪ੍ਰਧਾਨ ਵੱਲੋਂ ਆਪਣਾ ਮੁਾਫੀਨਾਮਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਭੇਜਿਆ ਸੀ। ਅਤੇ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਏ ਜਿਸ ਦੌਰਾਨ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੱਲੋਂ ਸੂ ਮੇਟੋ ਲੈਂਦਿਆਂ ਸ. ਧਾਮੀ ਨੂੰ ਤਲਬ ਕੀਤਾ ਗਿਆ ਸੀ ਅਤੇ ਫਿਰ ਬੀਬੀ ਜਗੀਰ ਕੌਰ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਮਹਿਲਾ ਕਮਿਸ਼ਨ ਵੱਲੋਂ ਇਸ ਬਾਰੇ ਕੀ ਫੈਸਲਾ ਲਿਆ ਜਾਂਦਾ ਹੈ ਇਸ ਦਾ ਪਤਾ ਅਗਲੇ ਦਿਨਾਂ ‘ਚ ਲੱਗੇਗਾ।