ਡਾ ਅਜੀਤਪਾਲ ਸਿੰਘ ਐਮ ਡੀ
ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵਿਗਿਆਨ ਇਸ ਦੇ ਕਾਰਨ ਦਾ ਪੱਕੇ ਤੌਰ ਤੇ ਪਤਾ ਅਜੇ ਵੀ ਨਹੀਂ ਲਾ ਸਕਿਆ l ਜੋ ਕੁਝ ਵੀ ਅੱਜ ਤੱਕ ਸੁਣਿਆ, ਕਿਹਾ ਜਾਂਦਾ ਹੈ ਉਸਦਾ ਆਧਾਰ ਅਨੁਮਾਨ ਹੀ ਹੁੰਦਾ ਹੈ l ਕੈਂਸਰ ਦੇ ਕਾਰਨਾ ਬਾਰੇ ਇਸ ਕਰਕੇ ਬਹੁਤ ਭੁਲੇਖੇ ਪੈਂਦੇ ਹੋਏ ਹਨ ਜਿਵੇਂ ਕਿ:
ਕੀ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਮੌਤ ਅਕਸਰ ਕੈਂਸਰ ਨਾਲ ਹੀ ਹੁੰਦੀ ਹੈ ?
ਬ੍ਰਿਟਿਸ਼ ਫਾਊਂਡੇਸ਼ਨ ਵੱਲੋਂ ਕੀਤੇ ਤਾਜ਼ਾ ਅਧਿਐਨ ਮੁਤਾਬਕ ਇਹ ਕੋਈ ਜਰੂਰੀ ਨਹੀਂ ਹੈ ਕਿ ਹਰ ਤੰਮਾਕੂਨੋਸ਼ੀ ਕਰਨ ਵਾਲੇ ਨੂੰ ਫੇਫੜਿਆਂ ਦਾ ਕੈਂਸਰ ਹੋਵੇ ਪਰ ਇਹ ਗੱਲ ਸੱਚ ਹੈ ਕਿ 50 ਫੀਸਦੀ ਤੰਬਾਕੂਨੋਸ਼ੀ ਕਰਤਾ ਆਪਣੀ ਆਦਤ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਰਕੇ ਹੀ ਮੌਤ ਦੇ ਘਾਟ ਉਤਰਦੇ ਹਨ l ਮਿਸਾਲ ਵਜੋਂ ਸਟ੍ਰੋਕ, ਹਰਟ ਅਟੈਕ ਜਾਂ ਸਾਹ ਸਬੰਧੀ ਬਿਮਾਰੀਆਂ l ਜਿੱਥੋਂ ਤੱਕ ਫੇਫੜਿਆਂ ਦੇ ਕੈਂਸਰ ਦਾ ਸਵਾਲ ਹੈ ਤਾਂ ਇਸ ਦਾ 90 ਫੀਸਦੀ ਤੁਅੱਲਕ ਤੰਬਾਕੂਨੋਸ਼ੀ ਨਾਲ ਹੀ ਹੁੰਦਾ ਹੈ l ਬਾਕੀ ਤਰ੍ਹਾਂ ਦੇ ਕੈਂਸਰ ਨਾਲ ਇਸ ਦਾ ਸਬੰਧ 30 ਫੀਸਦੀ ਹੀ ਹੁੰਦਾ ਹੈ l
ਕੀ ਛਾਤੀਆਂ ਦਾ ਕੈਂਸਰ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ ?
ਇਹ ਸੱਚ ਨਹੀਂ ਹੈ l ਛਾਤੀਆਂ ਦਾ ਕੈਂਸਰ ਮਰਦਾਂ ਨੂੰ ਵੀ ਹੁੰਦਾ ਹੈ l ਯੂਕੇ ਕੈਂਸਰ ਖੋਜ ਨੂੰ ਮੰਨੀਏ ਤਾਂ ਬ੍ਰਿਟੇਨ ‘ਚ ਹਰ ਸਾਲ 300 ਮਰਦ ਵੀ ਇਸ ਦੀ ਮਾਰ ਹੇਠ ਆ ਜਾਂਦੇ ਹਨ,ਜਦ ਕਿ ਔਰਤਾਂ ਦੀ ਗਿਣਤੀ 30 ਹਜ਼ਾਰ ਹੁੰਦੀ ਹੈ l ਵੈਸੇ ਇਹ 60 ਸਾਲਾਂ ਦੀ ਉਮਰ ਪਿੱਛੋਂ ਹੀ ਮਰਦਾਂ ‘ਤੇ ਧਾਵਾ ਬੋਲਦਾ ਹੈ,ਉਹ ਵੀ ਉਹਨਾਂ ਲੋਕਾਂ ਨੂੰ ਜਿਨਾਂ ਦੇ ਪ੍ਰੀਵਾਰ ਚ ਇਸ ਦੀ ਸ਼ਕਾਇਤ ਹੋ ਚੁੱਕੀ ਹੁੰਦੀ ਹੈ l
ਕੀ ਕੈਂਸਰ ਇੱਕ ਤੋਂ ਦੂਜੇ ਨੂੰ ਫੈਲ ਜਾਂਦਾ ਹੈ ?
ਬਿਲਕੁਲ ਨਹੀਂ l ਇਹ ਕੋਈ ਛੂਤਛਾਤ ਵਾਲੀ ਇਨਫੈਕਸ਼ਨ ਦੀ ਬਿਮਾਰੀ ਨਹੀਂ ਹੈ, ਜੋ ਇੱਕ ਤੋਂ ਦੂਜੇ ਨੂੰ ਚਲੀ ਜਾਵੇ l ਭਾਵ ਜੇ ਤੁਹਾਨੂੰ ਕੋਈ ਛੂਤਛਾਤ ਦੀ ਇਨਫੈਕਸ਼ਨ ਦੇਣ ਵਾਲੀ ਬਿਮਾਰੀ ਨਹੀਂ ਹੈ, ਜੋ ਇਕ ਤੋਂ ਦੂਜੇ ਨੂੰ ਚਲੀ ਜਾਵੇ l ਫਿਰ ਵੀ ਜੇ ਤੁਸੀਂ ਕਿਸੇ ਤਰ੍ਹਾਂ ਨਾਲ ਕਿਸੇ ਦੇ ਜਰੀਏ ਕਿਸੇ ਅਜਿਹੇ ਵਾਇਰਸ ਦੇ ਸੰਪਰਕ ਚ ਆ ਜਾਂਦੇ ਹੋ ਜੋ ਕੈਂਸਰ ਲਈ ਜਿੰਮੇਵਾਰ ਹੁੰਦਾ ਹੈ ਜੋ ਇਹ ਹੋ ਸਕਦਾ ਹੈ l ਮਿਸਾਲ ਵਜੋਂ ਏਪਸਟੇਨ-ਬਾਰ ਵਾਇਰਸ ਨੂੰ ਹੀ ਲਓ l ਇਹ ਸਮਝਿਆ ਜਾਂਦਾ ਹੈ ਕਿ ਲਿੰਮਫੈਟਕ ਸਿਸਟਮ ਦੇ ਕੈਂਸਰ ਤੇ ਦੂਜੀ ਤਰ੍ਹਾਂ ਦੀ ਕੈਂਸਰਾਂ ਨਾਲ ਇਸ ਦਾ ਸਬੰਧ ਹੈ l ਸਰਵਾਈਕਲ ਕੈਂਸਰ ਦੇ ਲਗਭਗ ਸਾਰੇ ਕੇਸਾਂ ਚ ਹਿਊਮਨ ਪੇਪੀਲੋਮਾ ਵਾਇਰਸ ਇਸ ਦਾ ਜਿੰਮੇਵਾਰ ਹੁੰਦਾ ਹੈ l ਜਿਗਰ ਕੈਂਸਰ ਉਹਨਾਂ ਲੋਕਾਂ ਨੂੰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ (100 ਗੁਣਾ) ਜੋ ਹੈਪੈਟਾਇਟਸ-ਬੀ ਦੇ ਕਰੋਨਿਕ ਰੋਗੀ ਹੁੰਦੇ ਹਨ,ਭਾਵ ਪੁਰਾਣੇ ਕੇਸ ਹੁੰਦੇ ਹਨ l
ਕੀ ਮਾਨਸਿਕ ਤਣਾਅ ਕੈਂਸਰ ਪੈਦਾ ਕਰਦਾ ਹੈ ?
ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ l ਯੂਕੇ ਕੈਂਸਰ ਰਿਸਰਚ ਦੇ ਇੱਕ ਸਰਵੇਖਣ ਮੁਤਾਬਿਕ ਜਿੱਥੇ ਇੱਕ ਪਾਸੇ ਹਰ ਤੀਜਾ ਇਨਸਾਨ ਇਹੀ ਸਮਝਦਾ ਹੈ ਕਿ ਤਲਾਕ ਜਾਂ ਕਿਸੇ ਦੇ ਵਿਛੜ ਜਾਣ ਦੇ ਗਮ ਕਰਕੇ ਜੋ ਤਣਾਅ ਪੈਦਾ ਹੁੰਦਾ ਹੈ, ਉਸ ਨਾਲ ਕੈਂਸਰ ਹੁੰਦਾ ਹੈ l ਪਰ ਕੈਂਸਰ ਇਨਫੋਰਮੇਸ਼ਨ ਤੇ ਕੈਂਸਰ ਰਿਸਰਚ ਯੂਕੇ ਦੀ ਡਾਇਰੈਕਟਡ ਡਾ.ਲੇਸਲੇ ਵਾਲਕਰ ਕਹਿੰਦੀ ਹੈ ਕਿ ਅਜਿਹਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਦੇ ਅਧਾਰ ਤੇ ਕਿਹਾ ਜਾਵੇ ਕਿ ਮਾਨਸਿਕ ਜਾਂ ਭਾਵਨਾਤਮਕ ਹਾਲਤ ਕੈਂਸਰ ਪੈਦਾ ਕਰਦੇ ਹਨ l ਪਰ ਕੁਝ ਲੋਕ ਇਹ ਜਰੂਰ ਮੰਨਦੇ ਹਨ ਕਿ ਤਣਾਅ ਦਾ ਅਸਰ ਇਮਊਨ ਸਿਸਟਮ ‘ਤੇ ਜਰੂਰ ਪੈਂਦਾ ਹੈ, ਜੋ ਕੈਂਸਰ ਹੋਣ ‘ਚ ਭੂਮਿਕਾ ਨਿਭਾ ਸਕਦਾ ਹੈ ਪਰ ਜਿਆਦਾਤਰ ਅਧਿਐਨ ਇਹੀ ਕਹਿੰਦੇ ਹਨ ਕਿ ਲਾਈਫ, ਜੀਨਜ਼ ਤੇ ਵਾਤਾਵਰਨ ਨਾਲ ਸੰਬੰਧਿਤ ਕਾਰਨਾਂ ਦਾ ਹੀ ਇਸ ‘ਚ ਅਹਿਮ ਰੋਲ ਹੁੰਦਾ ਹੈ, ਤਣਾਅ ਦਾ ਨਹੀਂ ਹੁੰਦਾ l
ਕੀ ਹਾਰਮੋਨਜ਼ ਦੀਆਂ ਗੋਲੀਆਂ ਕੈਂਸਰ ਪੈਦਾ ਕਰ ਸਕਦੀਆਂ ਹਨ ?
ਮਸ਼ਹੂਰ ਮੈਗਜ਼ੀਨ ਲੈਂਸਟ ਚ ਇੱਕ ਤਾਜ਼ਾ ਅਧਿਐਨ ਛਪਿਆ ਹੈ ਕਿ ਜੇ ਈਸਟਰੋਜਨ ਤੇ ਪ੍ਰੋਜੈਸਟ੍ਰਨ ਦੀਆਂ ਕੰਬਾਇਨ ਗੋਲੀਆਂ ਲਈਆਂ ਜਾਂਦੀਆਂ ਹਨ ਤਾਂ ਬਰੈਸਟ ਕੈਂਸਰ (ਛਾਤੀ ਦਾ ਕੈਂਸਰ) ਦਾ ਖਤਰਾ ਥੋੜਾ ਵੱਧ ਜਾਂਦਾ ਹੈ ਪਰ ਇਸ ਦੀ ਵਰਤੋਂ ਬੰਦ ਹੋਣ ਤੋਂ 10 ਸਾਲਾਂ ਪਿੱਛੋਂ ਇਹ ਖਤਰਾ ਵੀ ਖਤਮ ਹੋ ਜਾਂਦਾ ਹੈ l ਸਭ ਤੋਂ ਅਹਿਮ ਗੱਲ ਇਹ ਹੈ ਕਿ ਹਾਰਮੋਨ ਦੀਆਂ ਗੋਲੀਆਂ ਲੈਣ ਵਾਲੀਆਂ ਔਰਤਾਂ ਵਿੱਚ ਬਰੈਸਟ ਕੈਂਸਰ ਦੀ ਸ਼ਕਾਇਤ ਮੁਸ਼ਕਲ ਹੀ ਵੇਖੀ ਜਾਂਦੀ ਹੈ l ਇਸ ਦੇ ਵਿਰੁੱਧ ਅਧਿਐਨ ਇਹ ਵੀ ਕਹਿੰਦੇ ਹਨ ਕਿ ਘੱਟੋ ਘਟ ਤਿੰਨ ਸਾਲ ਤੱਕ ਇਹਨਾਂ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ‘ਚ ਓਵੇਰੀਅਨ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈl
ਕੀ ਸਮੀਅਰ ਸੈਲਾਂ ਦੇ ਵਿਗਾੜ ਕਰਕੇ ਕੈਂਸਰ ਦਾ ਮਤਲਬ ਹੁੰਦਾ ਹੈ ?
ਇਹ ਕੋਈ ਜਰੂਰੀ ਨਹੀਂ ਹੈ l ਇੱਕ ਸਟੱਡੀ ਦੌਰਾਨ ਇੱਕ ਸਾਲ ‘ਚ ਤਿੰਨ ਲੱਖ ਅਸਾਧਾਰਨ ਸਮੀਅਰ ਵਾਲੀਆਂ ਔਰਤਾਂ ਦੀ ਜਾਂਚ ਕੀਤੀ ਗਈ ਉਹਨਾਂ ਚੋਂ ਬਹੁਤ ਘੱਟ ਵਿੱਚ ਹੀ ਕੈਂਸਰ ਹੋਣ ਦੀ ਸੰਭਾਵਨਾ ਪਾਈ ਗਈ l ਆਸਾਧਾਰਨ ਸਮੀਅਰ ਦਾ ਮਤਲਬ ਹੈ ਕੁਝ ਸੈਲਾਂ ਦਾ ਅਸਾਧਾਰਨ ਹੋ ਜਾਣਾ, ਪਰ ਇਹ ਜਰੂਰੀ ਨਹੀਂ ਕਿ ਉਹ ਆਸਾਧਾਰਨ ਸੈਲ ਕੈਂਸਰ ਸੈੱਲ ਹੀ ਹੋਣ l ਜਿਨ੍ਹਾਂ ਔਰਤਾਂ ਦੀ ਜਾਂਚ ਦੌਰਾਨ ਸਮੀਅਰ ‘ਚ ਮਾਮੂਲੀ ਅਸਮਾਨਤਾ ਦਿਸੀ ਹੈ ਉਹਨਾਂ ਨੂੰ 6 ਜਾਂ 12 ਮਹੀਨਿਆਂ ਪਿੱਛੋਂ ਦੁਬਾਰਾ ਸਮੀਅਰ ਕਰਾਉਣ ਨੂੰ ਕਿਹਾ ਜਾਂਦਾ ਹੈ l ਜਿਆਦਾਤਰ ਮਾਮਲਿਆਂ ਚ ਵੇਖਿਆ ਜਾਂਦਾ ਹੈ ਕਿ ਅਸਾਧਾਰਨ ਸੈੱਲ ਆਪਣੇ ਆਪ ਸਾਧਾਰਨ ਹੋ ਜਾਂਦੇ ਹਨ l ਜੇ ਸੈਲ ਸਾਧਾਰਨ (ਆਮ ਵਾਂਗ) ਨਹੀਂ ਹੁੰਦੇ ਜਾਂ ਉਹਨਾਂ ‘ਚ ਕੋਈ ਹੋਰ ਵੱਧ ਤਬਦੀਲੀ ਨਜ਼ਰ ਆਉਣ ਲੱਗਦੀ ਹੈ ਤਾਂ ਇਲਾਜ ਨਹੀਂ ਉਹਨਾਂ ਨੂੰ ਕੈਂਸਰ ਬਣਨ ਤੋਂ ਪਹਿਲਾਂ ਹੀ ਹਟਾ ਦਿੱਤਾ ਜਾਂਦਾ ਹੈ l ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ ਹਰ ਦਸ ਔਰਤਾਂ ਵਿੱਚੋਂ ਇੱਕ ਵਿੱਚ ਅਸਧਾਰਨ ਸਮੀਅਰ ਦੀ ਸ਼ਿਕਾਇਤ ਹੁੰਦੀ ਹੈ l
ਕੀ ਮਾਸਾਹਾਰੀਆਂ ਚ ਕੈਂਸਰ ਵੱਧ ਹੋ ਸਕਦਾ ਹੈ ?
ਅਮਰੀਕਨ ਕੈਂਸਰ ਸੋਸਾਇਟੀ ਦੀ ਮੰਨੀਏ ਤਾਂ ਸ਼ਾਕਾਹਾਰੀਆਂ ਨੂੰ ਅੰਤੜੀਆਂ ਦਾ ਕੈਂਸਰ ਹੋਣ ਦਾ ਉਨਾ ਹੀ ਖਤਰਾ ਹੈ, ਜਿੰਨਾ ਮਸਾਹਾਰੀਆਂ ਨੂੰ l ਬ੍ਰੇਸਟ ਕੈਂਸਰ, ਪ੍ਰੋਸਟੇਟ ਕੈਂਸਰ, ਲਿੰਗ ਕੈਂਸਰ ਜਾਂ ਫਿਰ ਪੇਟ ਦਾ ਕੈਂਸਰ ਹੋਣ ਦਾ ਖਤਰਾ ਵੀ ਦੋਨੋਂ ਵਰਗਾਂ ਦੇ ਲੋਕਾਂ ਨੂੰ ਇੱਕੋ ਜਿਹਾ ਹੈ l ਜੇ ਤੁਸੀਂ ਸੰਤੁਲਿਤ ਖੁਰਾਕ ਲੈਂਦੇ ਹੋ l ਰੋਜਾਨਾ ਸਬਜੀਆਂ ਤੇ ਫਲਾਂ ਦੀ ਵਰਤੋਂ ਕਰਦੇ ਹੋ, ਤਾਂ ਕੈਂਸਰ ਦਾ ਖਤਰਾ ਘਟ ਜਾਂਦਾ ਹੈ,ਚਾਹੇ ਤੁਸੀਂ ਸ਼ਾਕਾਹਾਰੀ ਹੋਵੋ ਜਾਂ ਮਾਸਾਹਾਰੀ l
ਕੀ ਮੋਬਾਇਲ ਵਰਤਣ ਨਾਲ ਬ੍ਰੇਨ ਟਿਊਮਰ ਦਾ ਖਤਰਾ ਹੈ ?
ਅੱਜ ਤੱਕ ਇਸ ਵਿਸ਼ੇ ਤੇ ਅਨੇਕਾਂ ਅਧਿਐਨ ਹੋ ਚੁੱਕੇ ਹਨ,ਪਰ ਬਹੁਤੇ ਹੀ ਕਹਿੰਦੇ ਹਨ ਕਿ ਮੋਬਾਈਲ ਨਾਲ ਬਰੇਨ ਟਿਊਮਰ ਦਾ ਕੋਈ ਸਬੰਧ ਹੈ ਨਹੀਂ l ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਵੀ ਨਹੀਂ ਕੀਤਾ ਜਾ ਸਕਦਾ ਕਿਉਕਿ ਸਵੀਡਨ ‘ਚ ਹੋਏ ਇੱਕ ਅਧਿਐਨ ਅਨੁਸਾਰ ਮੋਬਾਇਲ ਦੀ ਵਰਤੋਂ ਨਾਲ ਬ੍ਰੇਨ ਟਿਊਮਰ ਦਾ ਖਤਰਾ ਵੱਧ ਜਾਂਦਾ ਹੈ ਭਾਵੇਂ ਇਹ ਇਸ ਗੱਲ ਦਾ ਕੋਈ ਠੋਸ ਸਬੂਤ ਅਜੇ ਮਿਲਿਆ ਨਹੀਂ l ਫਿਲਹਾਲ ਇਸ ਬਾਰੇ ਅਜੇ ਕਈ ਹੋਰ ਅਧਿਐਨਾ ਦੀ ਲੋੜ ਹੈ l ਵੈਸੇ ਸਾਇੰਸਦਾਨਾਂ ਦੀ ਸਲਾਹ ਇਹੀ ਹੈ ਕਿ 16 ਸਾਲ ਤੋਂ ਘੱਟ ਉਮਰ ਤੇ ਲੋਕਾਂ ਨੂੰ ਮੋਬਾਈਲ ਦੀ ਬੇਹਦ ਵਰਤੋਂ ਤੋਂ ਬਚਾਉਣਾ ਚਾਹੀਦਾ ਹੈ l ਬਾਲਗਾਂ ਨੂੰ ਵੀ ਮੋਬਾਈਲ ਫੋਨ ਦੇ ਸੰਪਰਕ ਚ ਲੰਮੇ ਸਮੇਂ ਤੱਕ ਨਹੀਂ ਰਹਿਣਾ ਚਾਹੀਦਾ l
ਕੀ ਸਨ ਸਕ੍ਰੀਨ ਵਰਤਣ ਨਾਲ ਚਮੜੀ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ ?
ਸੰਨ ਸਕਰੀਨ ਵਰਤ ਕੇ ਤੁਸੀਂ ਸਿਰਫ ਸੂਰਜ ਦੀਆਂ ਕਿਰਨਾਂ ਤੋਂ ਚਮੜੀ ਦਾ ਬਚਾਅ ਕਰ ਸਕਦੇ ਹੋਰ ਨਾ ਕਈ ਚਮੜੀ ਕੈਂਸਰ ਤੋਂ l ਧੁੱਪ ਚ ਇੱਕ ਹੱਦ ਤੱਕ ਹੀ ਰਹੋ ਤਾਂ ਹੀ ਤੁਸੀਂ ਸੰਨਬਰਨ ਤੋਂ ਬਚ ਸਕੋਗੇ l ਯੂਰਪੀਅਨ ਇਸਟੀਟਿਊਟ ਆਫ ਅਨਕੋਲੋਜੀ ਵੱਲੋਂ ਕੀਤੇ ਗਏ ਤੇ ਅਧਿਐਨ ਅਨੁਸਾਰ ਜੋ ਲੋਕ ਸੰਸਕ੍ਰੀਨ ਲਾ ਕੇ ਬਹੁਤ ਜਿਆਦਾ ਦੇਰ ਧੁੱਪ ਚ ਰਹਿੰਦੇ ਹਨ, ਉਹਨਾਂ ਚ ਕੈਂਸਰ ਦਾ ਖਤਰਾ ਵਧ ਜਾਂਦਾ ਹੈ l
ਕੀ ਛਾਤੀ ਦੀ ਗੰਢ ਕੈਂਸਰ ਦਾ ਸੰਕੇਤ ਹੁੰਦਾ ਹੈ ?
ਨਹੀਂ ਅਕਸਰ 10 ਤੋਂ 9 ਗੰਢਾਂ ਕੈਂਸਰ ਯੁਕਤ ਨਹੀਂ ਹੁੰਦੀਆਂ l ਜਵਾਨ ਔਰਤਾਂ ਚ ਫੈਬਰੋਐਡੀਨੋਸੀਸ ਦੀ ਸ਼ਕਾਇਤ ਆਮ ਹੁੰਦੀ ਹੈ l ਵੈਸੇ ਜਦੋਂ ਵੀ ਬ੍ਰੈਸਟ ਚ ਕੋਈ ਗੰਢ ਪਤਾ ਲੱਗੇ ਤਾਂ ਡਾਕਟਰ ਨੂੰ ਜਰੂਰ ਵਿਖਾਓ l
ਪ੍ਰਜਨਣ ਸਬੰਧੀ ਦਵਾਈਆਂ ਲੈਣ ਨਾਲ ਕੀ ਓਵੇਰੀਅਨ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ
ਸ਼ੁਰੂਆਤੀ ਅਧਿਅਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਲੋਮੀਫੈਨ ਸਾਈਟ੍ਰੇਟ (ਕਲੋਮੀਡ) ਓਵੇਰੀਅਨ ਕੈਸਰ ਦੇ ਖਤਰੇ ਨੂੰ ਵਧਾ ਦਿੰਦਾ ਹੈ, ਪਰ ਅੱਜੇ ਪੱਕਾ ਨਹੀਂ ਕਹਿ ਸਕਦੇ l ਜੇ ਇਹਨਾਂ ਗੋਲੀਆਂ ਨਾਲ ਖਤਰਾ ਹੋਵੇਗਾ ਤਾਂ ਨਾਮਾਤਰ ਹੋਵੇਗਾ l ਅਜੇ ਇਸ ਬਾਰੇ ਹੋਰ ਖੋਜਾਂ ਜਾਰੀ ਹਨ l
ਕਿ ਔਰਤਾਂ ਦੇ ਮੁਕਾਬਲਤਨ ਮਰਦਾਂ ਨੂੰ ਕੈਂਸਰ ਦਾ ਖਤਰਾ ਵੱਧ ਹੁੰਦਾ ਹੈ ?
ਅਜਿਹਾ ਕੁਝ ਨਹੀਂ ਹੈ l ਵੈਸੇ ਮਰਦਾਂ ਚ ਮੌਤ ਲਈ ਜਿੰਮੇਵਾਰ ਫੇਫੜੇ, ਅੰਤੜੀ ਤੇ ਪਿਸ਼ਾਬ ਦੇ ਬਲੈਡਰ ਦੇ ਕੈਂਸਰ ਹੁੰਦੇ ਹਨ l ਪ੍ਰੋਸਟੇਟ ਕੈਂਸਰ ਦੀ ਕੇਸਾਂ ਦੀ ਗਿਣਤੀ ਵਧ ਰਹੀ ਹੈ l ਔਰਤ ਚ ਜਿਆਦਾਤਰ ਮੌਤਾਂ ਫੇਫੜਿਆ, ਛਾਤੀਆਂ, ਆਂਤੜੀਆਂ ਤੇ ਓਵੈਰੀਅਨ ਕੈਂਸਰ ਨਾਲ ਹੁੰਦੀਆਂ ਹਨ l ਨਾਜ਼ੁਕ ਸੁਭਾਅ ਦੀਆਂ ਔਰਤਾਂ ਹਿੰਮਤ ਜਲਦੀ ਛੱਡ ਜਾਂਦੀਆਂ ਹਨ l
ਕੀ ਰੋਜਾਨਾ ਇਕ-ਦੋ ਸਿਗਰਟ ਪੀਣ ਨਾਲ ਕੈਂਸਰ ਨਹੀਂ ਹੁੰਦਾ ?
ਇਹ ਸੋਚ ਗਲਤ ਹੈ l ਜੋ ਲੋਕ ਰੋਜ਼ਾਨਾ ਇੱਕ ਦੋ ਸਿਗਰਟ ਪੀਂਦੇ ਹਨ, ਉਹਨਾਂ ਚ ਤੰਬਾਕੂ ਦੇ ਬੁਰੇ ਅਸਰ ਨਾਲ ਮੌਤ ਹੋਣ ਦਾ ਖਤਰਾ ਵਧ ਜਾਂਦਾ ਹੈl ਸਿਗਰੇਟਨੋਸ਼ੀ ਨਾਲ ਕੈਂਸਰ, ਹਾਰਟ ਤੇ ਫੇਫੜਿਆਂ ਦੀਆਂ ਬਿਮਾਰੀਆਂ ਹੁੰਦੀਆਂ ਹਨ l
ਗਲਤ ਬ੍ਰਾ ਪਹਿਨਣ ਨਾਲ ਕੀ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ?
ਇਸ ਬਾਰੇ ਜੋ ਵੀ ਅਧਿਐਨ ਹੋਏ ਹਨ ਉਹਨਾਂ ਮੁਤਾਬਿਕ ਬਲੱਡ ਸਪਲਾਈ ਚ ਕਮੀ ਜਾਂ ਫਿਰ ਕਿਸੇ ਅੰਗ ਦੇ ਸਿਰਫ ਪ੍ਰੈਸ਼ਰ ਪੈਣ ਨਾਲ ਹੀ ਉਥੋਂ ਦੇ ਸੈੱਲ ਕੈਂਸਰਯੁਕਤ ਨਹੀਂ ਹੋ ਜਾਂਦੇ l
ਕੀ ਚਮੜੀ ਕੈਸਰ ਚਿੰਤਾਜਨਕ ਨਹੀਂ ਹੁੰਦਾ ?
ਜੇ ਚਮੜੀ ਕੈਂਸਰ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਿਮਾਗ, ਫੇਫੜਿਆਂ ਜਾਂ ਜਿਗਰ ‘ਚ ਪਹੁੰਚ ਜਾਂਦਾ ਹੈ l ਇਲਾਜ ਖਾਤਰ ਸਰਜਰੀ, ਕੀਮੋ ਤੇ ਰੈਡੀਓਥੈਰਪੀ ਦੀ ਵੀ ਲੋੜ ਪੈ ਸਕਦੀ ਹੈ l
- ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
- 98156 29301