ਸ੍ਰੀ ਚਮਕੌਰ ਸਾਹਿਬ / ਮੋਰਿੰਡਾ: 26 ਦਸੰਬਰ, ਭਟੋਆ
ਸ੍ਰੀ ਚਮਕੌਰ ਸਾਹਿਬ ਵਿਖੇ ਸਬ ਡਵੀਜ਼ਨ ਪੱਧਰ ਦੇ ਬਣ ਰਹੇ 25 ਬਿਸਤਰਿਆਂ ਦੇ ਹਸਪਤਾਲ ਦੀ ਬਿਲਡਿੰਗ ਦਾ ਕੰਮ 31 ਜਨਵਰੀ ਤੱਕ ਮੁਕੰਮਲ ਕਰਕੇ ਇਹ ਬਿਲਡਿੰਗ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤੀ ਜਾਵੇਗੀ ।
ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਹਸਪਤਾਲ ਦਾ ਨੀਹ ਪੱਥਰ ਸਾਲ 2022 ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੱਖਿਆ ਗਿਆ ਸੀ , ਅਤੇ ਉਹਨਾਂ ਵੱਲੋਂ ਇਹ ਫੰਡ ਸਿਹਤ ਕਾਰਪੋਰੇਸ਼ਨ ਟਰਾਂਸਫਰ ਕਰ ਦਿੱਤੇ ਗਏ ਸਨ। ਪ੍ਰੰਤੂ ਮਾਰਚ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵਿਸ਼ੇਸ਼ ਦਿਲਚਸਪੀ ਲੈ ਕੇ ਇਸ ਹਸਪਤਾਲ ਦੇ ਕੰਮ ਨੂੰ ਨੇਪਰੇ ਚਾੜਨ ਦੇ ਉਪਰਾਲੇ ਕੀਤੇ ਗਏ ਅਤੇ ਉਹਨਾਂ ਵੱਲੋਂ ਸਿਹਤ ਅਧਿਕਾਰੀਆਂ ਅਤੇ ਸਬੰਧਿਤ ਠੇਕੇਦਾਰ ਨਾਲ ਮੀਟਿੰਗ ਕਰਕੇ ਇਸ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਸਬੰਧਿਤ ਠੇਕੇਦਾਰ ਵੱਲੋਂ ਹਸਪਤਾਲ ਵਿੱਚ ਬੇਸਮੈਂਟ ਬਣਾਉਣ ਲਈ 4 ਕਰੋੜ ਰੁਪਏ ਦੀ ਹੋਰ ਵਾਧੂ ਮੰਗ ਕੀਤੀ ਗਈ। ਜਿਹੜੀ ਕਿ ਹਲਕਾ ਵਿਧਾਇਕ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਤਾਲਮੇਲ ਕਰਨ ਉਪਰੰਤ ਜਾਰੀ ਕਰਵਾ ਦਿੱਤੇ ਗਏ , ਜਿਸ ਉਪਰੰਤ ਆਉਣ ਵਾਲੇ ਸਮੇ ਵਿੱਚ ਹਸਪਤਾਲ ਦਾ ਕੰਮ ਮੁਕੰਮਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਸ ਸਬੰਧੀ ਸੰਪਰਕ ਕਰਨ ਤੇ ਹਸਪਤਾਲ ਦੇ ਐਸਐਮਓ ਡਾਕਟਰ ਗੋਬਿੰਦ ਟੰਡਨ ਨੇ ਦੱਸਿਆ ਕਿ ਸਬੰਧਤ ਠੇਕੇਦਾਰ ਵੱਲੋਂ ਹਸਪਤਾਲ ਦੀ ਬੇਸਮੈਂਟ ਅਤੇ ਗਰਾਊਂਡ ਫਲੋਰ 31 ਦਸੰਬਰ ਤੱਕ ਅਤੇ ਉੱਪਰ ਦੀ ਮੰਜ਼ਿਲ ਮੁਕੰਮਲ ਕਰਕੇ 31 ਜਨਵਰੀ ਤੱਕ ਇਹ ਹਸਪਤਾਲ ਸਿਹਤ ਵਿਭਾਗ ਦੇ ਹਵਾਲੇ ਕਰਨ ਲਈ ਬਚਨਵੱਧਤਾ ਦਿੱਤੀ ਹੈ ਸ੍ਰੀ ਟੰਡਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਲਈ ਲੋੜੀਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਹਸਪਤਾਲ ਨੂੰ ਨਿਸਚਿਤ ਸਮੇ ਅੰਦਰ ਤਿਆਰ ਕੀਤਾ ਜਾ ਸਕੇ।ਉਹਨਾਂ ਦੱਸਿਆ ਕਿ ਇਹ ਹਸਪਤਾਲ ਮੁਕੰਮਲ ਹੋਣ ਉਪਰੰਤ ਇਲਾਕੇ ਦੇ ਲਗਭਗ ਚਾਰ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ।