ਮੋਰਿੰਡਾ: 27 ਦਸੰਬਰ, ਭਟੋਆ
ਨਗਰ ਕੌਂਸਲ ਮੋਰਿੰਡਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਰਿੰਡਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਚਾਈਨਾ ਡੋਰ ਅਤੇ ਸਿੰਗਲ ਯੂਜ ਪਲਾਸਟਿਕ ਦੀ ਜਾਂਚ ਲਈ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਮੋਰਿੰਡਾ ਦੇ ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਕਰਨ ਵਾਲੀ ਇਸ ਸਾਂਝੀ ਟੀਮ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀ ਓ ਅਨਮੋਲ ਬੰਸਲ ਜੂਨੀਅਰ ਇੰਜੀਨੀਅਰ ਜਗਦੀਪ ਸਿੰਘ ਅਤੇ ਨਗਰ ਕੌਂਸਲ ਵੱਲੋਂ ਉਹਨਾਂ ਦੇ ਨਾਲ, ਗੁਰਲਾਲ ਸਿੰਘ ਅਤੇ ਅਮੀਰ ਹਸਨ ਸ਼ਾਮਿਲ ਵੀ ਸਨ। ਉਹਨਾਂ ਦੱਸਿਆ ਕਿ ਇਸ ਟੀਮ ਵੱਲੋਂ ਮੋਰਿੰਡਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਚਾਈਨਾ ਡੋਰ ਅਤੇ ਸਿੰਗਲ ਯੂਜ ਪਲਾਸਟਿਕ ਰੱਖਣ ਅਤੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਕੋਲੋ 5 ਕਿਲੋਗ੍ਰਾਮ ਸਿੰਗਲ ਯੂਜ ਪਲਾਸਟਿਕ ਜਬਤ ਕਰਕੇ 5 ਚਲਾਨ ਕਰਕੇ 2900/- ਜੁਰਮਾਨਾ ਵੀ ਵਸੂਲ ਕੀਤਾ ਗਿਆ । ਇਸ ਟੀਮ ਵੱਲੋ ਸਬੰਧਤ ਰੇਹੜੀ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਭਵਿੱਖ ਵਿੱਚ ਉਨਾ ਨੇ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ ਜਾਰੀ ਰੱਖੀ ਗਈ ਤਾਂ ਜੁਰਮਾਨਾ ਦੁੱਗਣਾ ਵਸੂਲ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀ ਚੈਕਿੰਗ ਜਾਰੀ ਰੱਖੀ ਜਾਵੇਗੀ। ਉਹਨਾਂ ਸ਼ਹਿਰ ਦੇ ਸਮੂਹ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਅਤੇ ਵਿਕਰੀ ਨਾ ਕਰਨ ਦੀ ਵੀ ਅਪੀਲ ਕੀਤੀ ਹੈ।